ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਸਾਡੀ ਰਹਿਣੀ-ਬਹਿਣੀ ਤੇ ਸਾਹਿੱਤ ਵਿਚੋਂ ਉੱਚੀ ਉੱਚੀ ਹਸਾਣ ਵਾਲੇ ਠੱਠੇ ਤੇ ਮਖੌਲੇ ਭੀ ਉੱਡ ਰਹੇ ਹਨ, ਨਿਰੀਆਂ ਬਾਰੀਕ ਬਾਰੀਕ ਮੁਸਕਰਾਣ ਵਾਲੀਆਂ ਗੱਲਾਂ ਵਧ ਰਹੀਆਂ ਹਨ।

ਹਾਸੇ ਦੇ ਨਾਲ ਉੱਚਾ ਕੂਕਣ ਦੀ ਆਦਤ ਭੀ ਜਾਂਦੀ ਰਹੀ ਹੈ। ਤੁਸਾਂ ਪਿੰਡ ਵਿਚ ਵੇਖਿਆ ਹੋਣਾ ਹੈ ਕਿ ਕਿਵੇਂ ਇਕ ਬਕਰੀਆਂ ਚਾਰਨ ਵਾਲਾ ਆਜੜੀ ਇਕ ਢੱਕੀ ਉੱਤੇ ਖਲੋਤਾ ਹੋਇਆ ਦੁਜੀ ਢੱਕੀ ਉੱਤੇ ਭੱਜੀ ਜਾਂਦੀ ਬਕਰੀ ਦੇ ਪਿੱਛੇ ਵਟਾ ਵਾਹ ਕੇ ਜ਼ੋਰ ਦੀ ਚੀਕ ਲਾਂਦਾ ਹੈ। ਉਸ ਨੂੰ ਆਪਣੀ ਅਵਾਜ਼ ਉੱਤੇ ਬੜਾ ਮਾਣ ਹੁੰਦਾ ਹੈ। ਜਦ ਆਪਣੇ ਸਾਥੀ (ਜੋ ਜ਼ਰਾ ਪਰ੍ਹੇ ਖੜੋਤਾ ਹੁੰਦਾ ਹੈ) ਨੂੰ ਅਵਾਜ਼ ਮਾਰਦਾ ਹੈ, ਤਾਂ ਭੀ ਲੋੜ ਤੋਂ ਵਧੀਕ ਉੱਚੀ ਚੀਕ ਕੱਢਦਾ ਹੈ। ਉਸ ਨੂੰ ਪਤਾ ਹੈ ਕਿ ਥੋੜ੍ਹੀ ਅਵਾਜ਼ ਭੀ ਪਹੁੰਚ ਜਾਵੇਗੀ, ਪਰ ਉਸ ਨੂੰ ਤਾਂ ਆਪਣੀ ਕੂਕ ਉੱਤੇ ਫ਼ਖ਼ਰ ਹੈ, ਅਤੇ ਉਸ ਨੂੰ ਜ਼ੋਰ ਦੀ ਅਵਾਜ਼ ਵਿਚ ਇਕ ਅਨੋਖਾ ਰਸ ਲਭਦਾ ਹੈ, ਜੋ ਕਮਰਿਆਂ ਦੇ ਅੰਦਰ ਬਹਿ ਕੇ ਘੁਸਮੁਸ ਕਰਨ ਵਾਲਿਆਂ ਨੂੰ ਮਲੂਮ ਨਹੀਂ ਹੋ ਸਕਦਾ। ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿਚ ਮਿਲਦੇ ਹਾਂ ਗੱਲਾਂ ਕਰਦੇ ਹਨ ਤਾਂ ਭੀ ਓਨਾ ਹੀ ਉੱਚਾ ਬੋਲਦੇ ਹਨ, ਜਿੰਨੀ ਘੁਟਕੇ ਜੱਫੀ ਪਾਂਦੇ ਹਨ।

ਪਰ ਤਹਿਜ਼ੀਬ ਇਸ ਦੇ ਉਲਟ ਹੈ। ਨਵੀਂ ਰੋਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਆਵਾਜ਼ ਮੱਧਮ ਪੈ ਰਹੀ ਹੈ। ਡਾਕਟਰ ਟੈਗੋਰ ਭੀ ਬੜੀ ਹੌਲੀ-ਹੌਲੀ "ਸਪਤ ਪਾਤਾਲ ਕੀ ਬਾਣੀ" ਹੀ ਬੋਲਦਾ ਸੀ। ਇਹੋ ਉਸ ਦੇ ਸਿਆਣੇ ਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿਚ ਜਿੰਨਾ ਚੁੱਪ ਰਹਿਣ ਤੇ ਜਾਂ ਹੋਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਓਨਾ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ-ਜਿਉਂ ਸੰਸਾਰ ਤਰੱਕੀ ਕਰੀ ਜਾਂਦਾ ਹੈ ਤਿਉਂ-ਤਿਉਂ ਮਨੁੱਖ ਦੀ ਅਵਾਜ਼ ਮੱਧਮ ਪੈਂਦੀ ਜਾਂਦੀ ਹੈ। ਪੜ੍ਹਿਆਂ ਹੋਇਆਂ ਸਿੱਖਾਂ ਨੂੰ ਕਹੋ ਖਾਂ ਜ਼ਰਾ ‘ਸਤਿ ਸ੍ਰੀ ਅਕਾਲ' ਦਾ ਜੈਕਾਰਾ ਤਾਂ ਛੱਡਣ! ਦੰਦਾਂ ਤੋਂ ਬਾਹਰ ਅਵਾਜ਼ ਨਹੀਂ ਨਿਕਲੇਗੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਜੈਕਾਰਿਆਂ ਦੇ ਜ਼ੋਰ ਨਾਲ ਥੋੜ੍ਹੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫ਼ੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ। ਹੁਣ ਭੀ ਜੇ ਕਿਸੇ ਔਕੜ ਵਿਚ ਪਏ ਹੋਵੀਏ ਤਾਂ ਜਿਸ ਵੇਲੇ ਸਾਰੇ ਰੱਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਾਂ ਤਾਂ ਉਸ ਵਿਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦੇਂਦੀ ਹੈ ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਤੇ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿਚ ਬਦਲ ਦੇਂਦੀ ਹੈ।

੧੭