ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ

ਹਾਸ-ਰਸ ਨਵੇਂ ਜ਼ਮਾਨੇ ਦੀ ਕਾਢ ਤਾਂ ਨਹੀਂ, ਪਰ ਇਸ ਦੀ ਲੋੜ ਨੂੰ ਇਸ ਸਮੇਂ ਨੇ ਅਪਣਾਇਆ ਹੈ। ਕਾਰਣ ਇਹ ਹੈ ਕਿ ਅੱਜ ਕਲ੍ਹ ਦੀ ਜ਼ਿੰਦਗੀ ਬੜੇ ਰੁਝੇਵੇਂ ਵਾਲੀ ਹੈ, ਜਿਸ ਨਾਲ ਨਾ ਕੇਵਲ ਸਰੀਰ ਹੀ ਆਕੜ ਜਾਂਦਾ ਹੈ, ਸਗੋਂ ਮਨ ਭੀ ਅੱਕ ਥੱਕ ਕੇ ਸੁੰਗੜ ਜਾਂਦਾ ਹੈ। ਜਿਸ ਨੂੰ ਅਰੋਗਤਾ ਤੋਂ ਇਲਾਵਾ ਕਿਸੇ ਅਜੇਹੇ ਤਜਰਬੇ ਜਾਂ ਵਰਤੋਂ ਦੀ ਲੋੜ ਰਹਿੰਦੀ ਹੈ ਜਿਸ ਨਾਲ ਸਰੀਰ ਦਾ ਅਕੜੇਵਾਂ ਤੇ ਮਨ ਦਾ ਸੁਕੜੇਵਾਂ ਦੂਰ ਹੋ ਜਾਵੇ ਅਤੇ ਇਹ ਫੇਰ ਤਾਜ਼ਾ ਤੇ ਨੌ-ਬਰ-ਨੌ ਹੋ ਕੇ ਕੰਮ ਵਿਚ ਜੁੱਟ ਪੈਣ। ਇਸ ਲੋੜ ਨੂੰ, ਇਸ ਵਰਤਮਾਨ ਸਮੇਂ ਦੀ ਖਾਸ ਲੋੜ ਨੂੰ ਨਿਰੀ ਨੇਕੀ, ਪਾਰਸਾਈ ਜਾਂ ਧਾਰਮਿਕ ਸੰਜਮ ਪੂਰਾ ਨਹੀਂ ਕਰ ਸਕਦੀ। ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਕਸਰਤ ਜਾਂ ਖੇਡ ਦੀ ਲੋੜ ਹੈ। ਸ਼ਾਇਦ ਕੇਸ਼ਬ ਚੰਦਰ ਸੇਨ ਨੇ ਇਸੇ ਲਈ ਕਿਹਾ ਸੀ ਕਿ ਕਈ ਵੇਰ ਫੁਟ-ਬਾਲ ਖੇਡ ਕੇ ਰੱਬ ਦੇ ਉੱਨੇ ਹੀ ਨੇੜੇ ਹੋ ਸਕਦੇ ਹੋ ਜਿੰਨੇ ਕਿ, ਗੀਤਾ ਦਾ ਪਾਠ ਕਰਕੇ। ਉਸ ਦਾ ਭਾਵ ਇਹ ਨਹੀਂ ਸੀ ਕਿ ਗੀਤਾ ਦਾ ਪਾਠ ਕਰਨਾ ਚੰਗਾ ਨਹੀਂ। ਉਹ ਕੇਵਲ ਇਹ ਦਸਣਾ ਚਾਹੁੰਦਾ ਸੀ ਕਿ ਖੇਡ ਭੀ ਸਰੀਰ ਨੂੰ ਚੁਸਤ ਬਣਾ ਕੇ ਮਨ ਨੂੰ ਨਿਖਾਰਦੀ ਤੇ ਤਿਆਰ-ਬਰ-ਤਿਆਰ ਕਰਦੀ ਹੈ, ਨਹੀਂ ਤਾਂ ਰੋਗੀ ਸਰੀਰ ਵਾਲਾ ਆਦਮੀ ਮਨ ਕਰਕੇ ਭੀ ਕ੍ਰਿਝੂ ਤੇ ਮੁਕੜੂ ਜਿਹਾ ਬਣ ਜਾਂਦਾ ਹੈ। ਉਸ ਵਿਚ ਮਨੁੱਖਾਂ ਲਈ ਹਮਦਰਦੀ ਦੀ ਲਚਕ ਨਹੀਂ ਰਹਿੰਦੀ ਅਤੇ ਨਾ ਹੀ ਪਰਮਾਨੰਦ ਹਰੀ ਨੂੰ ਆਪਣੇ ਅੰਦਰ ਵਸਾਉਣ ਦੀ ਸਮਰਥਾ। ਕਦੀ ਸਮਾਂ ਸੀ ਕਿ ਸਿਆਣੇ ਲੋਕੀ ਮਨ ਨੂੰ ਅਸਲ ਚੀਜ਼ ਸਮਝਦੇ ਤੇ ਏਸੇ ਨੂੰ ਗਹੁ ਨਾਲ ਸਮਝਣ ਦੀ ਵਾਹ ਲਾਂਦੇ ਸਨ, ਅਤੇ ਸਰੀਰ ਨੂੰ ਇਕ ਬੇਲੋੜੇ ਪਸ਼ੂ ਦੀ ਤਰ੍ਹਾਂ ਔਖਾ ਔਖਾ ਹੋ ਕੇ ਬੂਹੇ ਅਗੇ ਬੰਨ੍ਹ ਰਖਣ ਦੀ ਜ਼ਿੰਮੇਵਾਰੀ ਨਿਬਾਹੁੰਦੇ ਸਨ। ਪਰ

੧੮