ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਜਾਂ ਭੰਨ ਕੇ ਦੇਖਣ ਦਾ ਚਾਉ ਹੁੰਦਾ ਹੈ। ਜਿਵੇਂ ਬੁੱਢੀ ਦਾਦੀ ਦੀ ਆਉ ਭਗਤ ਲਈ ਉਸ ਦੇ ਅੱਗੇ ਟੁੱਟਾ ਮੂੜ੍ਹਾ ਡਾਹ ਦੇਣਾ, ਜਾਂ ਜੀਜੇ ਹੋਰਾਂ ਦੀ ਜੁੱਤੀ ਛੁਪਾ ਛਡਣੀ ਜਾਂ ਉਸ ਨੂੰ ਸਾਗ ਦੀ ਥਾਂ ਮਹਿੰਦੀ ਘੋਲ ਕੇ ਖੁਆਉਣੀ; ਜਾਂ ਉਸ ਦੇ ਸੋਹਣੇ ਰੇਸ਼ਮੀ ਕਪੜਿਆਂ ਉਤੇ ਚਿਕੜ ਸੁੱਟ ਕੇ ਤੰਗ ਕਰਨਾ। ਇਹੋ ਜਿਹੇ ਹਾਸੇ ਤੇ ਮਖੌਲ ਕਰਨ ਦੇ ਮੌਕੇ ਸਾਂਵਿਆਂ, ਤੀਆਂ ਅਤੇ ਹੋਲੀਆਂ ਵਿਚ ਬਹੁਤ ਹੁੰਦੇ ਆਏ ਹਨ। ਕਈ ਵਾਰੀ ਹਾਸੇ ਦਾ ਮੜ੍ਹਾਸਾ ਹੋ ਜਾਂਦਾ ਸੀ, ਮਸਲਨ,ਜੰਞ ਨੂੰ ਭੰਗ ਪਿਆ ਦੇਣ ਨਾਲ ਕਈ ਖਰੂਦ ਮਚਦੇ ਸਨ ਜਾਂ ਨਾਸ਼ਪਾਤੀਆਂ ਤੇ ਸੇਬਾਂ ਵਿਚ ਸੂਈਆਂ ਟੁੰਗ ਦੇਣ ਨਾਲ ਖਾਣ ਵਾਲਿਆਂ ਦੇ ਗਲੇ, ਛਿਲੇ ਜਾਂਦੇ ਸਨ, ਅਤੇ ਕਈ ਵਾਰ ਮੌਤ ਤਕ ਨੌਬਤ ਆ ਪੁੱਜਦੀ ਸੀ।

ਤਾਲੀਮ ਤੇ ਸਭਿੱਤਾ ਦੇ ਵਧਣ ਨਾਲ ਇਹ ਖਰ੍ਹਵੇ ਹਾਸੇ ਘਟ ਗਏ ਹਨ। ਪਰ ਅਮਲੀ ਹਾਸੇ ਤੇ ਮਖੋਲ ਵਧੇਰੇ ਕੋਮਲ ਸ਼ਕਲਾਂ ਵਿਚ ਕਾਇਮ ਹਨ ਤੇ ਕਾਇਮ ਰਹਿਣਗੇ।

ਅਮਲੀ ਹਾਸੇ ਦੀ ਇਹ ਸ਼ਕਲ, ‘ਕਾਰਟੂਨ ਜਾਂ ਨਕਲੀ ਤਸਵੀਰ ਹੈ, ਜੋ ਹੁਨਰ ਦੇ ਵਾਧੇ ਨਾਲ ਪ੍ਰਚਲਤ ਹੋਈ ਹੈ, ਅਤੇ ਪੱਛਮ ਤੋਂ ਆਈ ਹੈ।

ਜਿਉਂ ਜਿਉਂ ਲੋਕਾਂ ਦੇ ਸੁਭਾ ਕੋਮਲ ਹੁੰਦੇ ਜਾਂਦੇ ਹਨ, ਹਾਸ-ਰਸ ਭੀ ਕੋਮਲ ਹੁੰਦਾ ਜਾਂਦਾ ਅਤੇ ਜ਼ਬਾਨ ਜਾਂ ਸਾਹਿੱਤ ਵਿਚ ਵਧੇਰੇ ਪ੍ਰਵੇਸ਼ ਕਰ ਰਿਹਾ ਹੈ। ਪਿੰਡਾਂ ਦੇ ਗਾਉਣਾਂ ਵਿਚ ਹਾਸੇ ਦੀਆਂ ਝਾਕੀਆਂ ਮਿਲਦੀਆਂ ਹਨ। ਇਕ ਤੀਵੀਂ ਖੂਹ ਉਤੇ ਪਾਣੀ ਭਰ ਰਹੀ ਹੈ। ਕੋਲੋਂ ਲੰਘਦਾ ਸਿਪਾਹੀ ਠਹਿਰ ਜਾਂਦਾ ਹੈ ਤੇ ਕਹਿੰਦਾ ਹੈ:

ਖੂਹ ਤੇ ਪਾਣੀ ਭਰਦੀਏ ਮੁਟਿਆਰੇ ਨੀ!
ਘੁਟ ਕੁ ਪਾਣੀ ਪਿਲਾ ਭੋਲੀਏ ਨਾਰੇ ਨੀ!
ਆਪਣਾ ਕਢਿਆ ਨ ਦਿਆਂ, ਸਪਾਹੀਆ ਵੇ!
ਆਪੇ ਕਢ ਕੇ ਪੀ, ਭੋਲਿਆ ਰਾਹੀਆ ਵੇ!
ਲੱਜ ਤੇਰੀ ਨੂੰ ਘੁੰਗਰੂ, ਮੁਟਿਆਰੇ ਨੀ!
ਹੱਥ ਲਾਇਆਂ ਝੜ ਪੈਣ, ਭੋਲੀਏ ਨਾਰੇ ਨੀ!

੨੦