ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰਸ ਸ਼ਾਹ ਇਕੜ ਦੁਕੜ ਤੁਕਾਂ ਵਿਚ ਨਹੀਂ, ਬਲਕਿ ਸਾਰੇ ਪੈਰੇ ਦੇ ਪੈਰੇ ਵਿਚ ਹਾਸੇ ਦਾ ਮੌਕਾ ਰਚਦਾ ਹੈ। ਦਮੋਦਰ ਦੇ ਹਾਸੇ ਦਾ ਸਵਾਦ ਇਉਂ ਆਉਂਦਾ ਹੈ ਜਿਵੇਂ ਮੇਜ਼ ਤੇ ਪਏ ਗੁਲਦਸਤੇ ਵਿਚੋਂ ਇਕ ਦੋ ਫੁੱਲਾਂ ਨੂੰ ਦੇਖ ਕੇ ਆਉਂਦਾ ਹੈ, ਅਤੇ ਵਾਰਿਸ ਸ਼ਾਹ ਦੇ ਹਾਸੇ ਦਾ ਸਵਾਦ ਇਉਂ ਹੈ ਜਿਵੇਂ ਚੁਬਾਰੇ ਦੀ ਬਾਰੀ ਵਿਚੋਂ ਕਿਸੇ ਖੁਲ੍ਹੇ ਨਜ਼ਾਰੇ ਨੂੰ ਵੇਖੀਏ ਜਿਸ ਵਿਚ ਪਹਾੜ, ਦਰਿਆ ਤੇ ਵਾਦੀ ਦੀਆਂ ਕੁਦਰਤੀ ਖੂਬਸੂਰਤੀਆਂ ਭਰੀਆਂ ਪਈਆਂ ਹੋਣ। ਮਿਸਾਲ ਵਜੋਂ ਹੇਠਲੇ ਬੈਂਤ ਲਓ:——

ਮਾਲਾ ਫੇਰਦਾ ਇਸ਼ਕ ਪ੍ਰੋਹਤਣੀ ਦਾ,
ਅੱਗੇ ਭਟਣੀ ਦਾ ਖੜਾ ਕਵਿਤ ਲਾਈ।
ਚੜ੍ਹਿਆ ਊਠ ਤੇ ਇਸ਼ਕ ਬਲੋਚਣੀ ਦਾ,
ਮਾਰੇ ਪਾਸਣੇ ਤੇ ਫਿਰੇ ਸਾਂਗ ਲਾਈ।
ਉਜ਼ੂ-ਸਾਜਿਆ ਇਸ਼ਕ ਸੱਯਦਾਣੀਆਂ ਦਾ,
ਅੱਗੇ ਖੜਾ ਅਰਾਇਣ ਦਾ ਫੁਲ ਚਾਈ।
ਕੂੰਜ ਵਾਂਗ ਕੁਰਲਾਂਵਦਾ ਸਿਪਾਹਣੀ ਦਾ,
ਜਿਦ੍ਹਾ ਕੰਤ ਪਰਦੇਸੀ, ਨ ਵਾਹ ਕਾਈ।

ਹਰ ਇਕ ਕੌਮ ਦੀ ਔਰਤ ਦਾ ਪ੍ਰੇਮ ਦੱਸਣ ਲੱਗਿਆਂ ਥੋੜ੍ਹੇ ਲਫ਼ਜ਼ਾਂ ਵਿਚ ਸਾਰੀ ਕੌਮ ਦੀ ਰਹਿਣੀ-ਬਹਿਣੀ ਤੇ ਖਾਸ-ਖਾਸ ਗੁਣਾਂ ਔਗੁਣਾਂ ਵੱਲ ਇਸ਼ਾਰਾ ਕੀਤਾ ਹੈ। ਹੀਰ ਦੇ ਦਾਜ ਵਿਚ ਜੋ ਅਣਗਿਣਤ ਵਸਿੱਤਰ ਰੱਖੀ ਗਈ, ਉਸ ਵਿਚ ਕੁਝ ਦੇਗਾਂ ਭੀ ਸਨ ਜਿਨ੍ਹਾਂ ਨੂੰ ਰੱਸੇ ਤੇ ਸੰਗਲ ਪਾ ਕੇ ਇਉਂ ਖਿੱਚਦੇ ਸਨ ਜਿਵੇਂ ਸ਼ਾਹੀ ਫ਼ੌਜਾਂ ਤੱਪਾਂ ਖਿਚਦੀਆਂ ਸਨ।

‘ਦੇਗਾਂ ਖਿਚਦੀਆਂ ਘਤ ਜ਼ੰਜੀਰ ਰਸੇ,
ਤੋਪਾਂ ਖਿਚਦੇ ਕਟਕ ਪਾਤਸ਼ਾਹੀਆਂ ਦੇ।'

ਦਾਲ ਜਾਂ ਪਲਾਉ ਰਿਨ੍ਹਣ ਵਾਲੀਆਂ ਦੇਗਾਂ ਨੂੰ ਜੰਗੀ ਤੋਪਾਂ ਨਾਲ ਤਸ਼ਬੀਹ ਦੇਣਾ ਐਸੇ ਅਣਮੇਲਾਂ ਨੂੰ ਮੇਲਣਾ ਹੈ ਕਿ ਪੜ੍ਹ ਕੇ ਹਾਸਾ ਆ ਜਾਂਦਾ ਹੈ। ਰਾਂਝੇ ਨੇ ਜੋਗੀ ਬਣਨ ਵੇਲੇ ਜੋ ਬਾਲ ਨਾਥ ਨੂੰ ਖੁਸ਼ ਰਹਿਣ ਤੋਂ ਹੋੜਨ ਉਤੇ ਸਲਵਾਤਾਂ ਸੁਣਾਈਆਂ ਉਹ ਭੀ ਉਸ ਦੇ ਪੰਜਾਬੀਪੁਣੇ ਦਾ ਨਮੂਨਾ ਹਨ। ਉਹ ਕਹਿੰਦਾ ਹੈ:

'ਅਸੀਂ ਜੱਟ ਹਾਂ ਨ੍ਹਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ।
ਸਾਥੋਂ ਖਪਰੀ ਨਾਦ ਨ ਜਾਇ ਸਾਂਭੀ, ਅਸਾਂ ਢਗੇ ਹੀ ਅੰਤ ਨੂੰ ਜੋਵਣੇ ਨੀ।

੨੫