ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ ਅਤੇ ਧਰਮ

ਸਾਡੇ ਦੇਸ਼ ਵਿਚ ਹਾਸ-ਰਸ ਦਾ ਘਾਟਾ ਨਹੀਂ। ਜਿਥੇ ਅਰੋਗਤਾ, ਖੁਲ੍ਹ ਤੇ ਖੁਸ਼-ਦਿਲੀ ਹੈ, ਉਥੇ ਹਾਸਾ ਮਖੌਲ ਜ਼ਰੂਰ ਹੋਵੇਗਾ। ਪਰ ਸਿਆਣੇ ਤੇ ਧਾਰਮਕ ਲਿਖਾਰੀ ਆਮ ਤੌਰ ਤੇ ਇਸ ਤੋਂ ਕੰਨੀ ਕਤਰਾਉਂਦੇ ਦਿਸਦੇ ਹਨ।

ਸਾਹਿਤ-ਵਾਦੀਆਂ ਨੇ ਨੌ ਰਸ ਮੰਨੇ ਹਨ। ਉਨ੍ਹਾਂ ਵਿਚ ਹਾਸ-ਰਸ ਨੂੰ ਥਾਂ ਤਾਂ ਦਿਤੀ ਜਾਂਦੀ ਹੈ, ਪਰ ਇਸ ਨੂੰ ਕੋਈ ਉੱਚਾ ਰਸ ਨਹੀਂ ਮੰਨਿਆ। ਇਸ ਨੂੰ ਇਕ ਨੀਵੇਂ ਦਰਜੇ ਦਾ ਮੰਨ ਕੇ ਬਹੁਤ ਅਪਣਾਇਆ ਨਹੀਂ। ਆਮ ਤੌਰ ਤੇ ਹਾਸ-ਰਸ ਤੋਂ ਭਾਵ ਨਿਰਾ ਮਖੌਲ ਹੀ ਲਿਆ ਜਾਂਦਾ ਹੈ, ਪਰ ਜਿਉਂ ਜਿਉਂ ਮਨੁੱਖੀ ਆਚਰਣ ਦੇ ਕਮਲ ਪਾਸਿਆਂ ਵਲ ਵਧੇਰੇ ਧਿਆਨ ਕੀਤਾ ਜਾ ਰਿਹਾ ਹੈ, ਤਿਉਂ ਤਿਉਂ ਹਾਸ-ਰਸ ਦੀ ਲੋੜ ਅਤੇ ਇਹਦੇ ਡੂੰਘੇ ਭਾਵਾਂ ਦੀ ਕਦਰ ਵੱਧ ਰਹੀ ਹੈ।

ਅਸਲ ਵਿਚ ਹਾਸ ਰਸ ਕੋਈ ਵੇਲਾ ਟਪਾਣ ਦਾ ਸਮਿਆਨ ਜਾਂ ਵਿਹਲੜਾਂ ਦੀ ਗੱਪ ਸ਼ੱਪ ਦਾ ਨਾਂ ਨਹੀਂ। ਇਹ ਸਾਡੇ ਅੰਦਰ ਜ਼ਮੀਰ ਜਾਂ ਅੰਤਹਕਰਣ ਵਾਂਗੂ ਇਕ ਕੋਮਲ ਭਾਵ ਬਣਾ ਕੇ ਰਖਿਆ ਗਿਆ ਹੈ, ਜਿਸ ਦੀ ਮੱਦਦ ਨਾਲ ਅਸੀਂ ਕੁਢੰਗੀ ਗਲ ਝਟ ਪਛਾਣ ਜਾਂਦੇ ਹਾਂ ਅਤੇ ਅਤਿ ਚੁਕਣ ਤੋਂ ਬਚੇ ਰਹਿੰਦੇ ਹਾਂ। ਜਿਵੇਂ ਜ਼ਮੀਰ ਜਾਂ ਅੰਤਹਕਰਣ ਦਾ ਕੰਮ ਹੈ ਕਿ ਜਦ ਕੋਈ ਖ਼ਿਆਲ ਜਾਂ ਕੰਮ ਇਖ਼ਲਾਕ ਤੌਰ ਤੇ ਮੰਦਾ ਹੋਣ ਲਗੇ ਤਾਂ ਸਾਨੂੰ ਝਟ ਪਟ ਅਗਾਂਹ ਕਰ ਦੇਵੇ, ਤਿਵੇਂ ਹਾਸ-ਰਸ ਦਾ ਕੰਮ ਹੈ ਕਿ ਜਦ ਸਾਡੇ ਸਾਹਮਣੇ ਕੋਈ ਗੱਲ ਯੋਗਤਾ ਦੇ ਠਿਕਾਣੇ ਤੋਂ ਹਿਲ ਜਾਵੇ ਜਾਂ ਸੁਹਜ ਦੇ ਪੱਖੋਂ ਕੁਢੰਗਾ ਰੌਂ ਪਕੜਦੀ ਦਿਸੇ ਤਾਂ ਝਟ ਸਾਨੂੰ ਪਤਾ ਦੇ ਦੇਵੇ, ਅਤੇ ਜੇ ਅਸੀਂ ਆਪ ਬੇਸੁਰੀ ਗੱਲ ਕਰਨ ਲਗੀਏ ਤਾਂ ਰੁਕ ਜਾਈਏ, ਅਤੇ ਜੇ ਕੋਈ ਹੋਰ ਕਰਨ ਲਗੇ ਤਾਂ ਉਸ ਨੂੰ ਵੇਖਦਿਆਂ ਹਸ ਪਈਏ ਜਾਂ ਦਿਲ ਹੀ ਦਿਲ ਵਿਚ ਗੁੜ੍ਹਕੀਏ।

ਇਹ ਰਸ ਸਾਡੇ ਸਦਾਚਾਰ ਵਧਾਉਣ ਵਿਚ ਭੀ ਕੰਮ ਆਉਂਦਾ ਹੈ,

੩੦