ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇ, ਮਤਾਂ ਔਖੀ ਕਰਦੀ ਰਹੇ) ਸਿਰਹਾਨਾ ਅਵਰ ਤਲਾਈ। ਉਪਰ ਕਉ ਮਾਂਗਉਂ ਥੀਂਧਾ! ਤੇਰੀ ਭਗਤਿ ਕਰੈ ਨ ਬੀਂਧਾ। (ਥਿੰਦਾ ਹੋਕੇ, ਘਿਉ ਆਦਿ ਤਰ ਚੀਜ਼ਾਂ ਖਾ ਕੇ, ਪੇਟ ਵਲੋਂ ਖੂਬ ਤਿਆਰ ਬਰਤਿਆਰ ਹੋ ਕੇ)।੩। ਮੈਂ ਨਾਹੀ ਕੀਤਾ ਲਬੋ (ਕੋਈ ਨਹੀਂ। ਕੋਣ ਕਹਿੰਦਾ ਹੈ?) ਇਕ ਨਾਉਂ ਤੇਰਾ ਮੈਂ ਫਬੋ। ਕਹਿ ਕਬੀਰ ਮਨੁ ਮਾਨਿਆ। ਮਨੁ ਮਾਨਿਆ ਤਉ ਹਰਿ ਜਾਨਿਆ। ੪ । (ਠੀਕ ਹੈ ਭਾਈ! ਮਨ ਰਾਜ਼ੀ ਹੋਵੇ ਤਾਹੀਓਂ ਹਰੀ ਵਲ ਧਿਆਨ ਕਰ ਸਕੀਦਾ ਹੈ। ਜੇ ਪੇਟ ਨ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ)।

ਸਿੱਖ ਇਤਿਹਾਸ ਵਿਚ ਭਾਈ ਬਿਧੀ ਚੰਦ ਇਕ ਮਸ਼ਹੂਰ ਸਿੱਖ ਹੋਇਆ ਹੈ ਜੋ ਹਰਗੋਬਿੰਦ ਸਾਹਿਬ ਦੀ ਸੇਵਾ ਤਾਂ ਕਰਦਾ ਸੀ, ਪਰ ਉਸ ਦੀ ਹਰ ਇਕ ਗੱਲ ਵਿਚ ਮਖ਼ਲ ਤੇ ਹਾਸਾ ਭਰਿਆ ਪਿਆ ਹੁੰਦਾ ਸੀ। ਉਸ ਦੇ ਮੌਜ ਭਰੇ ਕਾਰਨਾਮਿਆਂ ਤੇ ਬੇ-ਰਸਾ ਲਿਖਾਰੀ ਭੀ ਮੌਜ ਵਿਚ ਆ ਕੇ ਆਪਣੀ ਕਲਮ ਦਾ ਥਕੇਵਾਂ ਲਾਹੁੰਦਾ ਹੈ।

ਪਰ ਧਰਮ ਵਿਚ ਹਾਸ-ਰਸ ਦੀ ਸਭ ਤੋਂ ਵਧੇਰੇ ਯਕੀਨ ਦੁਆਣ ਵਾਲੀ ਮਿਸਾਲ ਸੁਥਰੇ ਸ਼ਾਹ ਦੀ ਹੈ। ਇਹ ਸੱਜਣ ਜਿਤਨਾ ਧਰਮ ਵਿਚ ਪੱਕਾ ਤੇ ਅਡੋਲ ਸਿਦਕੀ ਸੀ, ਉਤਨਾ ਹੀ ਹਸਮੁਖ ਤੇ ਮਖੌਲੀਆ ਭੀ ਸੀ। ਇਸ ਨੇ ਸਾਰੀ ਉਮਰ ਧਰਮ ਦਾ ਪ੍ਰਚਾਰ ਕਰਦੇ ਬਿਤਾਈ, ਪਰ ਇਸ ਪ੍ਰਚਾਰ ਦਾ ਵਸੀਲਾ ਕੇਵਲ ਹਾਸ-ਰਸ ਨੂੰ ਬਣਾਇਆ।

ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹਾਸ-ਰਸ ਨੂੰ ਵਰਤਣ ਵਿਚ ਹੱਦ ਹੀ ਮੁਕਾ ਦਿੱਤੀ। ਉਨ੍ਹਾਂ ਦੀ ਬਾਣੀ ਵਿਚ ਚਪੇ ਚਪੇ ਤੇ ਘੂ-ਘੂ-ਮਟ ਵਾਸੀਆਂ ਤੇ ਅੱਖਾਂ ਵਿਚ ਤੇਲ ਪਾਣ ਵਾਲੇ ਦੰਭੀਆਂ ਉੱਤੇ ਮਖੌਲ ਉਡਾਇਆ ਹੋਇਆ ਹੈ। ਇਕ ਵੇਰ ਉਨ੍ਹਾਂ ਨੇ ਇਕ ਖੋਤੇ ਨੂੰ ਸ਼ੇਰ ਦੀ ਖਲ ਪਵਾ ਕੇ ਖੇਤਾਂ ਵਿਚ ਛੱਡ ਦਿੱਤਾ। ਲੋਕ ਦੇਖ ਕੇ ਡਰ ਗਏ। ਪਰ ਜਦ ਉਸਦੇ ਹੀਂਗਣ ਦੀ ਅਵਾਜ਼ ਸੁਣੀ ਤਾਂ ਹਸ ਪਏ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਸ਼ੇਰ ਦਾ ਬਾਣਾ ਦਿੱਤਾ ਹੈ, ਇਸ ਦੀ ਲਾਜ ਰਖਣੀ, ਅਜੇਹਾ ਨ ਹੋਵੇ ਕਿ ਉਤੋਂ ਉਤੋਂ ਸ਼ਕਲ ਸ਼ੇਰ ਦੀ ਹੋਵੇ, ਤੇ ਵਿਚੋਂ ਅਵਿੱਦਯਕ ਤੇ ਮੂਰਖ ਰਹਿ ਕੇ ਪਰਖ ਵੇਲੇ ਖੋਤੇ ਵਾਲੀ ਹੀਂਗ ਸੁਣਾ ਦੇਵੋ। ਦੁਰਗਾ ਦੇ ਪ੍ਰਤੱਖ ਕਰਨ ਲਈ ਜੋ ਨਾਟਕੀ ਢੰਗ ਰਚ ਕੇ ਪੰਡਤਾਂ ਦੇ ਪੁਰਾਣੇ ਵਹਿਮ ਦਾ ਖ਼ਾਤਮਾ ਕੀਤਾ ਸੀ ਉਹ ਭੀ ਇਸ ਧਾਰਮਕ ਰਸ ਦਾ

੩੬