ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਨਮੂਨਾ ਹੈ। ਪੰਜ ਪਿਆਰਿਆਂ ਦੀ ਚੋਣ ਦਾ ਢੰਗ ਭੀ ਇਸੇ ਨਾਟਕੀ ਰਸ ਦਾ ਨਤੀਜਾ ਸੀ।

‘ਜੇਹਾ ਸੇਵੈ ਤੇਹੋ ਹੋਵੈ' ਅਨੁਸਾਰ, ਜਿਹਾ ਗੁਰੂ ਸੀ ਤੇਹੋ ਜਹੇ ਉਸ ਦੇ ਸਿੱਖ ਬਣੇ। ਉਨ੍ਹਾਂ ਵਿਚ ਇਕ ਅਨੋਖੀ ਰੰਗੀਲੀ ਤਬੀਅਤ ਸੀ, ਜੋ ਵੱਡੀਆਂ ਵੱਡੀਆਂ ਔਕੜਾਂ ਦੇ ਸਾਮ੍ਹਣੇ ਉਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿਚ ਰਖਦੀ ਸੀ। ਮੁਕਤਸਰ ਦੇ ਜੰਗ ਵਿਚ ਜਦ ਸਿੱਖਾਂ ਨੇ ਦੇਖਿਆ ਕਿ ਅਸੀਂ ਥੋੜ੍ਹੇ ਜਿਹੇ ਹਾਂ ਤੇ ਦੁਸ਼ਮਣ ਬਹੁਤੇ ਹਨ, ਤਾਂ ਉਨ੍ਹਾਂ ਇਹ ਢੰਗ ਖੇਡਿਆ ਕਿ ਨਾਲ ਦੀਆਂ ਝਾੜੀਆਂ ਉੱਤੇ ਚਾਦਰਾਂ ਖਿਲਾਰ ਦਿੱਤੀਆਂ ਤਾਂ ਜੋ ਦੂਰੋਂ ਤੰਬੂ ਲੱਗੇ ਦਿੱਸਣ; ਅਤੇ ਪਲ ਪਲ ਮਗਰੋਂ ਤਿ ਸ੍ਰੀ ਅਕਾਲ ਦੇ ਜੈਕਾਰੇ ਛਡਣੇ ਸ਼ੁਰੂ ਕਰ ਦਿੱਤੇ, ਤਾਕਿ ਵੈਰੀ ਇਹ ਸਮਝੇ ਕਿ ਬਾਰ-ਬਾਰ ਕੁਮਕ ਪਹੁੰਚ ਰਹੀ ਹੈ।

ਇਸ ਬਹਾਦਰ ਤੇ ਨਾ ਹਾਰਨੇ ਵਾਲੀ ਤਬੀਅਤ ਦਾ ਸਦਕਾ ਸਿੱਖਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਬੋਲੀ ਪ੍ਰਚਲਤ ਹੋ ਗਈ ਸੀ, ਜਿਸ ਦੇ ਵਾਚਣ ਤੋਂ ਇਉਂ ਜਾਪਦਾ ਹੈ ਜਿਵੇਂ ਸਿੱਖਾਂ ਲਈ ਦੁੱਖ ਤੇ ਭੈ ਦਾ ਨਾਸ਼ ਹੀ ਹੋ ਗਿਆ ਹੁੰਦਾ ਹੈ। ਇਸ ਬੋਲੀ ਦੇ ਮੁਹਾਵਰੇ ਨੂੰ 'ਸਿੰਘਾਂ ਦੇ ਬੋਲੇ' ਕਹਿੰਦੇ ਸਨ। ਕਈ ਮਰ ਜਾਏ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਸਨ, ਮਾਨੋਂ ਪ੍ਰਾਣੀ ਅਗਲੇ ਜਹਾਨ ਉੱਤੇ ਹਮਲਾ ਕਰਨ ਗਿਆ ਹੈ। ਸਿੱਖ ਭੁੱਖਾ ਹੋਵੇ ਤਾਂ ਲੰਗਰ ਮਸਤਾਨੇ ਕਹਿੰਦੇ ਸਨ। ਛੋਲਿਆਂ ਨੂੰ ਬਦਾਮ, ਤੇ ਪਿਆਜ ਨੂੰ ਰੁੱਪਾ ਕਹਿੰਦੇ ਸਨ ਅਤੇ ਰੁਪਇਆਂ ਨੂੰ ਛਿਲੜ। ਕੋਈ ਉੱਚਾ ਸੁਣਦਾ ਹੋਵੇ, ਤਾਂ ਕਹਿੰਦੇ ਸਨ ਕਿ ਖਾਲਸਾ ਚੁਬਾਰੇ ਚੜ੍ਹਿਆ ਹੋਇਆ ਹੈ। ਅੰਨ੍ਹੇ ਨੂੰ ਸੁਰਮਾ, ਲੰਡੇ ਨੂੰ ਸੁਚਾਲਾ ਸਿੰਘ, ਮੋਟੇ-ਸੋਟੇ ਨੂੰ ਅਕਲਦਾਨ ਜਾਂ ਕਾਨੂੰਗੋ; ਅਤੇ ਘਾਹ ਕੱਟਣ ਨੂੰ ਬਾਜ਼ ਉਡਾਉਣਾ! ਏਹੋ ਜਹੇ ਹਜ਼ਾਰਾਂ ਹੋਰ ਬਲੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸਿੱਖਾਂ ਵਿਚ ਜਿਥੇ ਧਰਮ ਸੀ, ਉਥੇ ਨਾਲ ਮਰਦਊਪੁਣਾ ਤੇ ਹਾਸ ਰਸ ਭੀ ਸੀ। ਧਰਮ ਸਾਰੀ ਜ਼ਿੰਦਗੀ ਨੂੰ ਪ੍ਰਫੁੱਲਤ ਕਰਦਾ ਹੈ, ਤੇ ਜਿਥੇ ਇਹ ਸ਼ੁਭ ਕਰਮਾਂ ਦੇ ਪੱਤੇ ਪੈਦਾ ਕਰਦਾ ਹੈ, ਉਥੇ ਵਿਗਾਸ ਵਾਲੀ ਤਬੀਅਤ ਦਾ ਫੁੱਲ ਭੀ ਖਿੜਾਉਂਦਾ ਹੈ।

੩੭