ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦਾ ਪਿਆਰ

ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਹੈ, ਜਿਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਜਿਥੇ ਬਾਲਪਨ ਵਿਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿਥੇ ਬੁਢੇਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿਚ ਮਾਂ ਦੀ ਝੋਲੀ ਵਿਚ ਆਉਂਦਾ ਸੀ। ਘਰ ਮਨੁੱਖ ਦੇ ਨਿਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿਚ ਜਿਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉਥੇ ਘਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘਟ ਕੰਮ ਨਹੀਂ ਕਰਦਾ। ਸਗੋਂ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।

ਇਕ ਮੇਰੇ ਜਾਣਕਾਰ ਬਿਰਧ ਬੀਬੀ ਜੀ ਹਨ, ਜੋ ਨੇਕੀ ਤੇ ਉਪਕਾਰ ਦੀ ਪੁਤਲੀ ਹਨ। ਸਵੇਰੇ ਸ਼ਾਮ ਬਿਲਾ ਨਾਗਾ ਨਿਤਨੇਮ ਕਰਦੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਹਨ। ਕਿਸੇ ਦੇ ਦੁੱਖ ਨੂੰ ਦੇਖ ਕੇ ਕਦੀ ਜਰ ਨਹੀਂ ਸਕਦੇ। ਵਲਵਲਾ ਉਨ੍ਹਾਂ ਦਾ ਇੰਨਾ ਕੋਮਲ ਤੇ ਪਵਿੱਤਰ ਹੈ ਕਿ ਚਪੇ ਚਪੇ ਤੇ ਹਮਦਰਦੀ ਨਾਲ ਫਿਸ ਪੈਂਦੇ ਹਨ। ਬੱਚਿਆਂ ਨੂੰ ਦੇਖ ਕੇ ਤਾਂ ਬੱਚੇ ਹੀ ਬਣ ਜਾਂਦੇ ਹਨ। ਪਰ ਸੁਭਾਅ ਉਨ੍ਹਾਂ ਦਾ ਬਹੁਤ ਖਰ੍ਹਵਾ ਹੈ। ਨਿੱਕੀ-ਨਿੱਕੀ ਗੱਲ ਤੋਂ ਖਿਝ ਪੈਂਦੇ ਹਨ ਅਤੇ ਗੁੱਸੇ ਵਿਚ ਆ ਕੇ ਆਪੇ ਤੋਂ ਬਾਹਰ ਹੈ

੩੮