ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਵੱਡੀ ਉਮਰ ਵਿਚ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਬੱਚਿਆਂ ਦਾ ਭੋਲਾਪਣ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾਡ ਤੇ ਰੁਸੇਵੇਂ, ਮਹਾਂਪੁਰਖਾਂ ਦੀ ਬਣਤਰ ਲਈ ਉੱਨੇ ਹੀ ਜ਼ਰੂਰੀ ਹਨ, ਜਿੰਨੇ ਕਿ ਆਮ ਮਨੁੱਖਾਂ ਲਈ। ਇਸ ਤਜਰਬੇ ਵਿਚੋਂ ਲੰਘਣ ਨਾਲ ਖ਼ਿਆਲਾਂ, ਵਲਵਲਿਆਂ ਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ। ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ, ਉਨ੍ਹਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ ਅਤੇ ਜਿਨ੍ਹਾਂ ਨੇ ਪੂਰਣਤਾ ਪ੍ਰਾਪਤ ਕਰਨੀ ਹੁੰਦੀ ਹੈ, ਉਨ੍ਹਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਤੇ ਰੋਸਾ, ਭੈਣਾਂ ਦਾ ਥਾਂ ਥਾਂ ਤੇ ਵੀਰ ਨੂੰ ਬਚਾਉਣਾ ਇਕ ਅਜੇਹਾ ਚੌਗਿਰਦਾ ਬਣਾ ਰਖਦਾ ਹੈ ਜਿਸ ਤੋਂ ਉਨ੍ਹਾਂ ਦੇ ਵਲਵਲੇ ਉਚੇ ਸਾਈਂ ਦੇ ਪਿਆਰ ਵਲ ਪ੍ਰੇਰੇ ਜਾਂਦੇ ਹਨ ਅਤੇ ਸਿਕਾਂ ਸਿਕਣ ਤੇ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ ਉਨ੍ਹਾਂ ਨੇ ਈਸਾ ਦੇ ਜੀਵਨ ਉਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿਤਾ, ਅਤੇ ਬੁਧ ਮਹਾਰਾਜ ਅਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਕੋਝੇ ਰੰਗ ਵਿਚ ਰੰਗਿਆ। ਜੇ ਲਿਖਾਰੀਆਂ ਨੂੰ ਖ਼ਿਆਲ ਹੁੰਦਾ ਕਿ ਮਹਾਂਪੁਰਖ ਭੀ ਘਰ ਦੇ ਆਲੇ-ਦੁਆਲੇ ਵਿਚੋਂ ਚੰਗਾ ਅਸਰ ਲੈ ਸਕਦੇ ਹਨ, ਤਾਂ ਉਹ ਇਨ੍ਹਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕਰਦੇ ਅਤੇ ਉਨਾਂ ਦੇ ਘਰੋਗੀ ਚੌਗਿਰਦੇ ਵਿਚ ਕੁਝ ਵੀ ਮਹਾਨਤਾ ਦੇ ਚਿੰਨ੍ਹ ਲੱਭਣ ਦਾ ਜਤਨ ਕਰਦੇ। ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਵਿਚੋਂ ਵਧੀਕ ਤੋਂ ਵਧੀਕ ਦਰਦਨਾਕ ਤੇ ਰੋਮਾਂਚ ਕਰ ਦੇਣ ਵਾਲਾ ਨਜ਼ਾਰਾ ਉਹ ਲੱਭਦਾ ਹੈ, ਜਿਸ ਵਿਚ ਗੁਰੂ ਜੀ ਪਰਦੇਸ-ਯਾਤਰਾ ਕਰ ਕੇ ਘਰ ਨੂੰ ਪਰਤਦੇ ਹਨ, ਪਰ ਦਿਲ ਨੂੰ ਕਰੜਾ ਕਰ ਕੇ ਆਪ ਬਾਹਰ ਖੂਹ ਤੇ ਬਹਿ ਰਹਿੰਦੇ ਹਨ, ਅਤੇ ਭਾਈ ਮਰਦਾਨੇ ਨੂੰ ਆਪਣੇ ਘਰ ਵਾਲਿਆਂ ਦੀ ਖ਼ਬਰ-ਸੂਰਤ ਲੈਣ ਲਈ ਪਿੰਡ ਭੇਜਦੇ ਹਨ, ਪਰ ਕਹਿੰਦੇ ਹਨ, "ਇਹ ਨਾ ਦਸੀਂ ਕਿ ਮੈਂ ਵੀ ਇਥੇ ਆਇਆ ਹਾਂ।" ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਪੁਜਦਾ ਹੈ ਅਤੇ ਘਰ ਦਾ ਹਾਲ ਪੁਛ ਕੇ ਵਿਦਾ ਹੋਣ ਲਗਦਾ ਹੈ, ਮਾਤਾ ਜੀ ਵੀ ਉਸ ਦੇ ਪਿਛੇ-ਪਿਛੇ ਪਿੰਡ ਤੋਂ ਬਾਹਰ ਉਸ ਥਾਂ ਪੁਜਦੇ ਹਨ ਜਿਥੇ ਗੁਰੂ ਜੀ ਬੈਠੇ ਹਨ। ਜੇ ਕਿਸੇ ਨੇ ਮਾਂ ਦੇ ਵਡਿੱਤਣ ਤੇ ਅਰਸ਼ੀ

੪੦