ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਰ ਨੂੰ ਦੇਖਣਾ ਹੋਵੇ ਤਾਂ ਇਸ ਨਜ਼ਾਰੇ ਦੇ ਹਾਲ ਨੂੰ ਪੜ੍ਹਨ। ਮਾਤਾ ਆਪਣੇ ਪੁੱਤਰ ਨੂੰ ਵੇਖ ਕੇ ਬਿਹਬਲ ਹੋ ਜਾਂਦੀ ਹੈ, ਅਤੇ ਓਸ ਵੇਲੇ ਜੋ ਮਮਤਾ ਵਾਲੇ ਲਫ਼ਜ਼ ਕਹਿੰਦੀ ਹੈ, ਉਨ੍ਹਾਂ ਦਾ ਕਰੁਣਾ-ਰਸ ਉੱਚੀ ਤੋਂ ਉੱਚੀ ਕਵਿਤਾ ਤੇ ਉੱਚੇ ਤੋਂ ਉੱਚੇ ਵਲਵਲੇ ਨੂੰ ਮਾਤ ਕਰਦਾ ਹੈ। ਪੁੱਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ: "ਵੇ ਬੱਚਾ! ਮੈਂ ਵਾਰੀ! ਮੈਂ ਤੈਥੋਂ ਵਾਰੀ! ਮੈਂ ਉਨ੍ਹਾਂ ਦੇਸ਼ਾਂ ਤੋਂ ਵਾਰੀ! ਉਨ੍ਹਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚਲ ਕੇ ਤੂੰ ਆਇਆ ਹੈਂ!" ਜੇ ਕੋਈ ਸੁੱਕਾ ਫਿਲਾਸਫਰ ਹੁੰਦਾ ਤਾਂ ਓਸੇ ਵੇਲੇ ਆਪਣੀ ਮਾਂ ਨੂੰ ਕਹਿੰਦਾ, "ਜਾ ਭਈ ਜਾ। ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਹੈਂ।" ਨਹੀਂ ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਅਤੇ ਉਸ ਦੇ ਚਰਨਾਂ ਉਤੇ ਡਿਗ ਕੇ ਰੋਏ, ਖੂਬ ਰੋਏ। ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਚੋੜ ਸਨ, ਹਜ਼ਾਰ ਫ਼ਰਜ਼ਾਂ ਤੇ ਪਰ-ਉਪਕਾਰਾਂ ਦੀ ਜੜ੍ਹ ਨੂੰ ਸਿੰਜਣ ਵਾਲੇ ਸਨ।

ਕੀ ਗੁਰੂ ਨਾਨਕ ਸਾਹਿਬ ਦੇ ਦਿਲ ਉਤੇ ਬੀਬੀ ਨਾਨਕੀ ਦਾ ਪਿਆਰ ਦਾ ਘਟ ਅਸਰ ਸੀ, ਜਿਸ ਨੇ ਬਚਪਨ ਵਿਚ ਲੱਗੀਆਂ ਦੇ ਕੇ ਕੁਛੜ ਚੁੱਕ ਕੇ ਪਾਲਿਆ ਸੀ ਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਅਤੇ ਖਰੇ ਸੌਦੇ ਕਰਦਿਆਂ ਸਲਾਹਿਆ ਤੇ ਉਤਸ਼ਾਹਿਆ ਸੀ? ਜੇ ਉਹ 'ਨਾਨਕ' ਸਨ ਤਾਂ ਕੀ ਉਹ 'ਨਾਨਕੀ' ਨਹੀਂ ਸੀ?

ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਉਤੇ ਉਨ੍ਹਾਂ ਦੀ ਬੀਵੀ ਖ਼ਦੀਜਾ ਦਾ ਅਸਰ ਘਟ ਸੀ ਜਿਸ ਨੇ ਔਖੇ ਤੋਂ ਔਖੇ ਵੇਲੇ ਉਨ੍ਹਾਂ ਦੀ ਮੱਦਦ ਕੀਤੀ ਤੇ ਉਨ੍ਹਾਂ ਦੇ ਜੀਵਨ-ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿਚ ਯਕੀਨ ਕੀਤਾ ਅਤੇ ਸਦਾ ਹੌਸਲਾ ਵਧਾਇਆ? ਜਦ ਹਜ਼ਰਤ ਮੁਹੰਮਦ ਨੂੰ ਰੱਬ ਵਲੋਂ ਥਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਆਰਾਮ ਦੇ ਕੇ ਮੁੜ ਅਸਲੀ ਹਾਲਤ ਤੇ ਲਿਆਉਣ ਵਾਲੀ ਹੈ ਖਦੀਜਾ ਹੀ ਸੀ ਜੋ ਉਨ੍ਹਾਂ ਦਾ ਸਿਰ ਆਪਣੇ ਪੱਟਾਂ ਉਤੇ ਰੱਖ ਕੇ ਪਿਆਰ ਨਾਲ ਸਭ ਥਕੇਵੇਂ ਦੂਰ ਕਰ ਦਿੰਦੀ ਸੀ!

ਜੇ ਕਾਰਲਾਈਲ ਆਪਣੀ ਤੀਵੀਂ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਕ੍ਰਿਝੂ ਤੇ ਸੜੂ ਨਾ ਹੁੰਦਾ। ਉਹ ਆਪਣੇ ਕਮਰੇ ਵਿਚ ਪੜ੍ਹਦਾ ਜਾਂ ਲਿਖਦਾ

੪੧