ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕਟਦਾ ਹੈ, ਉਸ ਵਿਚ ਘਰੋਗੀ ਗੁਣ (ਲੱਜਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ) ਨਹੀਂ ਪੈਦਾ ਹੁੰਦੇ। ਚਾਚੀ ਮਰ ਜਾਏ, ਤਾਂ ਮੁੰਡੇ ਨੂੰ ਆਪਣੇ ਚਾਚੇ ਪਾਸ ਜਾ ਕੇ ਪਰਚਾਉਣੀ ਕਰਨ ਦੀ ਜਾਚ ਨਹੀਂ ਆਉਂਦੀ। ਮਾਂ ਨੂੰ ਨਾਲ ਜਾ ਕੇ ਕਹਿਣਾ ਪੈਂਦਾ ਹੈ, "ਕਾਕਾ ਚਾਚੀ ਲਈ ਅਫ਼ਸੋਸ ਕਰਨ ਆਇਆ ਹੈ।" ਇਹੋ ਜਿਹਾ ਰਿਸ਼ਤੇ ਸੰਬੰਧਾਂ ਤੋਂ ਕੋਰਾ ਅਤੇ ਘਰੋਗੀ ਪਿਆਰਾਂ ਤੋਂ ਭੁਖਾ ਰਖਿਆ ਮੁੰਡਾ ਜਦ ਸਾਲ ਮਗਰੋਂ ਆਪਣੇ ਪਿੰਡ ਜਾਂਦਾ ਹੈ ਤਾਂ ਕੁੜੀਆਂ ਦੇਖ ਕੇ ਆਪਣੀਆਂ ਅੱਖਾਂ ਜਾਂ ਦਿਲ ਨੂੰ ਸੰਭਾਲ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੇ ਖਰੂਦ ਮਚਾਂਦਾ ਹੈ।

ਅਸਲੀ ਧਾਰਮਕ ਜੀਵਨ ਦੀ ਨੀਂਹ ਘਰ ਦੀ ਰਹਿਣੀ-ਬਹਿਣੀ ਵਿਚ ਰਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰਾਂ ਵਲ ਘਟ ਹੋਣ ਕਰਕੇ ਧਾਰਮਕ, ਰਹਿਣੀ ਭੀ ਇਕ ਲੋਕ-ਚਾਰਾ ਬਣ ਗਈ ਹੈ। ਧਰਮ ਘਰਾਂ ਵਿਚੋਂ ਨਿਕਲ ਕੇ ਬਾਜ਼ਾਰਾਂ ਵਿਚ ਆ ਗਿਆ ਹੈ। ਲੋਂਕੀ ਧਰਮ ਦੀ ਕਮਾਈ ਬਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ-ਦਿਹਾਰ ਨੂੰ ਕਿਸੇ ਦੀਵਾਨ ਵਿਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਨੂੰ ਸੁਣ ਛਡਣ। ਘਰ ਵਿਚ ਇਸਤਰੀ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘਟ ਦੇਖੀ ਜਾਂਦੀ ਹੈ। ਪਰ ਅਸਲ ਵਿਚ, ਧਾਰਮਕ ਰੁਚੀ ਕੇਵਲ ਉਸੇ ਆਦਮੀ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ।

ਜਿਹੜੇ ਲੋਕੀ ਘਰੋਗੀ ਜੀਵਨ ਛਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਹਨਾਂ ਲਈ ਇਹ ਕੰਮ ਉਤਨਾ ਹੀ ਔਖਾ ਹੈ ਜਿਤਨਾ ਕਿ ਉਸ ਕਿਸਾਨ ਲਈ ਜੋ ਜ਼ਿਮੀਂ ਨੂੰ ਛਡ ਕੇ ਹਵਾ ਵਿਚ ਬੀ ਬੀਜਣਾ ਚਾਹੇ। ਵੱਡੇ ਵੱਡੇ ਮਹਾਂ ਪੁਰਖ ਅਖਵਾਣ ਵਾਲੇ ਜੇ ਗ੍ਰਿਹਸਤ ਤੋਂ ਕੰਨੀ ਕਤਰਾਂਦੇ ਸਨ, ਧਾਰਮਕ ਜਾਂ ਇਖਲਾਕੀ ਔਕੜ ਪੈਣ ਤੇ ਝਟ ਡਿਗ ਜਾਂਦੇ ਸਨ, (ਕਿਸੇ ਦਾ ਨਾਂ ਕੀ ਲੈਣਾ ਹੋਇਆ?) ਤੁਸੀ ਕਈਆਂ ਦੀਆਂ ਸਾਖੀਆਂ ਪੜ੍ਹਦੇ ਹੋਵੋਗੇ ਕਿ ਉਹ ਸਾਰੀ ਉਮਰ ਜਤੀ ਰਹੇ, ਪਰ ਜਦ ਕਿਸੇ ਦਰਿਆ ਦੇ ਕੰਢੇ ਇਸਤ੍ਰੀਆਂ ਨਾਉਂਦੀਆਂ ਦੇਖੀਆਂ ਤਾਂ ਅਪਣੇ ਉਤੇ ਕਾਬੂ ਨਾ ਰਖ ਸਕੇਂ। ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿਚ ਫਸ ਨਾ ਜਾਈਏ, ਜੰਮਦਿਆਂ ਹੀ ਕਰਮੰਡਲ ਚੁੱਕ ਕੇ ਬਨਬਾਸ ਕਰਨ ਚਲੇ ਜਾਂਦੇ ਸਨ। ਅੰਤ ਇਹੋ ਜਹਿਆਂ ਨੂੰ ਭੀ ਠੀਕ ਰਸਤਾ ਲਭਦਾ ਸੀ ਤਾਂ

੪੩.