ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਨਿਆ ਗਿਆ, ਸਗੋਂ ਵੇਦਾਂਤੀਆਂ ਵਾਕਰ ਸਭ ਕੁਝ ਹੱਬ ਹੀ ਰੱਬ ਮੰਨਿਆ ਗਿਆ। ਇਸ ਤੇ ਸ਼ਾਮੀਂ ਜਾਂ ਮੁਸਲਮਾਨੀ ਅੰਸ਼ ਨੇ ਹੀ ਵਾਧਾ ਇਹ ਕੀਤਾ ਕਿ ਸੂਫ਼ੀ ਮਤ ਵਿਚ ਨਿਰੀ ਫ਼ਿਲਾਸਫ਼ਿਆਨਾ ਵਹਦਾਨੀਅਤ ਦੀ ਥਾਂ ਭਗਤੀ ਵਾਲੀ ਵਹਦਾਨੀਅਤ ਅਸਲੀ ਕੰਮ ਕਰਨ ਲੱਗੀ। ਰੱਬ ਨਾਲ ਅਭੇਦਤਾ ਦਾ ਅਸੂਲ ਸ਼ਰਈ ਲੋਕਾਂ ਨੂੰ ਖ਼ਤਰਨਾਕ ਭਾਸਿਆ ਕਰਦਾ ਹੈ, ਇਸ ਲਈ ਸੂਫ਼ੀ ਲੋਕ ਆਪਣੇ ਖ਼ਿਆਲ ਜ਼ਰਾ ਲੁਕਵੀਂ ਬੋਲੀ ਜਾਂ ਦੁਅਰਥੇ ਲਫਜ਼ਾਂ ਵਿਚ ਜ਼ਾਹਰ ਕਰਨ ਲੱਗ ਪਏ।

ਫੇਰ ਜਦ ਇਹ ਮੱਤ ਮੁਲਤਾਨ ਵਾਲੇ ਰਸਤੇ ਪੰਜਾਬ ਵਿਚ ਦਾਖ਼ਲ ਹੋਇਆ, ਤਾਂ ਇਸ ਉਤੇ ਪੰਜਾਬੀਅਤ ਦਾ ਅਸਰ ਹੋ ਗਿਆ। ਜਿਥੇ ਅਗੇ ਮਨਸੂਰ, ਜ਼ਕਰੀਏ ਤੇ ਯੂਸਫ਼ ਦਾ ਜ਼ਿਕਰ ਹੁੰਦਾ ਸੀ, ਉਥੇ ਰਾਂਝੇ ਤੇ ਕ੍ਰਿਸ਼ਨ ਨੂੰ ਵੀ ਨਾਲ ਰਲਾ ਲੀਤਾ ਗਿਆ।

ਇਸ ਜੋਗੀ ਦੀ ਕੀ ਨਿਸ਼ਾਨੀ? ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ।
ਸੂਰਤ ਉਸ ਦੀ ਯੂਸਫ਼ ਸਾਨੀ। ਉਸ ਅਲਫੋਂ ਅਹਦ ਬਣਾਇਆ ਨੀ।
(ਬੁਲ੍ਹੇ ਸ਼ਾਹ)

ਇਹ ਜੋ ਮੁਰਲੀ ਕਾਨ੍ਹ ਬਜਾਈ, ਮੇਰੇ ਦਿਲ ਨੂੰ ਚੇਟਕ ਲਾਈ।
ਆਹੀਂ ਨ੍ਹਾਰੇ ਭਰਦੀ ਆਹੀਂ, ਮੈਂ ਰੋਵਾਂ ਜ਼ਾਰੋ ਜ਼ਾਰੀ।
(ਬੁਲ੍ਹੇ ਸ਼ਾਹ)

ਵਜਦ ਨੇ ਜੰਗਲਾਂ ਦੀ ਥਾਂ ਸੱਸੀ ਦੇ ਥਲਾਂ ਨੇ ਮਲ ਲਈ, ਅਤੇ ਦਜਲੇ ਦੀ ਥਾਂ ਝਨਾਂ ਸੂਕਣ ਲਗ ਪਈ। ਮੂਸਾ ਦੇ ਇੱਜੜਾਂ ਦੀ ਥਾਂ ਰਾਂਝੇ ਦੀ ਸੁਰੀਲੀ ਬੰਸਰੀ ਮਗਰ ਕੁੰਡ੍ਹੀਆਂ ਤੇ ਬੂਰੀਆਂ ਦੇ ਵੱਗ ਭਜਦੇ ਦਿਸਣ ਲਗ ਪਏ। ਰੱਬ ਆਜੜੀ ਵਲ ਜਿੰਦ ਬਕਰੀ ਵਾਗੂੰ ਭਜਦੀ ਆਉਂਦੀ ਦਿਸੀ:

"ਵੇਖ ਬਘਿਆੜ ਤੇ ਵਾਗੀਆਂ ਨੂੰ ਤਹ੍ਰਿ ਤ੍ਰਹਿ ਤੁਧ ਹੀ ਵਲ ਆਵਨੀਆਂ।
ਛੀ ਛੀ ਕਰੇ ਮੈਨੂੰ ਚੱਜ ਨਾ ਆਵੇ, ਗੱਛ ਘੁੰਘਰੂ ਮੈਂ ਛਿਕ ਛਣਕਾਵਨੀਆਂ।
ਉਗਲ ਉਗਲ ਕੇ ਜਿਕਰ ਤੈਂਡਾ ਦਿਲ ਜੀਉ ਤੋਂ ਛਿਕ ਲਿਆਵਨੀਆਂ।
ਈਦ ਹੋਵੇ ਕੁਰਬਾਨੀ ਥੀਵਾਂ ਸੂਹਾ ਵੇਸ ਬਣਾਵਨੀਆਂ।
ਘਰ ਚਰਾਂ ਕਿਵੇਂ ਮੋਟੀ ਥੀਵਾਂ ਸੀ ਕੰਮ ਨਾ ਆਵਨੀਆਂ।
ਪਰ ਕਿਉਂਕਰ "ਹੈਦਰ" ਮੋਟੜੀ ਥੀਵਾਂ ਖੰਜਰ ਤੋਂ ਤਰਸਾਵਨੀਆਂ।"

ਜਿਥੇ ਈਰਾਨੀ ਸੂਫੀਆਂ ਦੀਆਂ ਮਹਿਫਲਾਂ ਵਿਚ ਸ਼ਰਾਬ ਦੇ ਦੌਰਾਂ ਦਾ ਜ਼ਿਕਰ ਹੁੰਦਾ ਸੀ ਉਥੇ ਹੁਣ ਕੱਤਣ ਤੁੰਮਣ ਦਾ ਜ਼ਿਕਰ ਹੋਣ ਲਗਾ:

੪੭