ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭੈਣਾ, ਮੈਂ ਕਤਦੀ ਕਤਦੀ ਹੱਟੀ।
ਪੜੀ ਪਛੀ ਧਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ।
ਅੱਗੇ ਚਰਖਾ ਪਿਛੇ ਪੀਹੜਾ, ਹੱਥ ਮੇਰਿਉਂ ਤੰਦ ਟੁੱਟੀ।
ਸੈਂ ਵਰ੍ਹਿਆਂ ਪਿਛੋਂ ਛਲੀ ਲਾਹੀ, ਕਾਗ ਮਰੇਂਦਾ ਝੁੱਟੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ (ਬੁੱਲਾ)।

ਇਸੇ ਤਰ੍ਹਾਂ ਸ਼ਾਹ ਹੁਸੈਨ, ਜੋ ਜੁਲਾਹੇ ਦਾ ਕੰਮ ਕਰਦੇ ਸਨ, ਆਪਣੇ ਕਸਬ ਦੇ ਰਾਹੀਂ ਉਚੇ ਤੋਂ ਉਚੇ ਮਾਰਫਤ ਦੇ ਖਿਆਲ ਜ਼ਾਹਰ ਕਰਦੇ ਹਨ———

ਜਿੰਦ ਮੈਂ ਡੜੀਏ? ਤੇਰਾ ਨਲੀਆਂ ਦਾ ਵਖਤ ਵਿਖਾਣਾ।
ਰਾਤੀਂ ਕਤੈਂ ਰਾਤੀਂ ਅਟੇਰੈ ਗੋਸ਼ੇ ਲਾਇਓ ਤਾਣਾ।
ਇਕ ਜੁ ਤੰਦ ਅਵੱਲਾ ਪੈ ਗਿਆ, ਸਾਹਿਬ ਮੂਲ ਨਾ ਭਾਣਾ।

ਪੰਜਾਬ ਦੀ ਜੱਟ ਕੌਮ ਭੀ ਸੂਫ਼ੀਆਂ ਦੇ ਲੇਖ ਲਗ ਗਈ। ਮੀਰਾਂ ਸ਼ਾਹ ਜਲੰਧਰੀ ਕਹਿੰਦਾ ਹੈ:

ਲੋਕ ਅਸਾਂ ਨੂੰ ਆਖਣ ਜੱਟੀਆਂ।
ਜੱਟੀਆਂ ਹਾਂ, ਪਰ ਇਸ਼ਕ ਨੇ ਪੱਟੀਆਂ,
ਨੈਣ ਮਾਹੀ ਸੰਗ ਲਾਏ, ਇਸ਼ਕੋਂ ਹਟਕ ਨਹੀਂ।

ਪੰਜਾਬ ਦੇ ਦਰਿਆ, ਪੰਜਾਬ ਦੇ ਪਤਣ, ਪੰਜਾਬ ਦਾ ਇਤਿਹਾਸ, ਪੰਜਾਬੀਆਂ ਦੀ ਕਿਸਮਤ ਨਾਲ ਸੂਫੀ ਫ਼ਕੀਰਾਂ ਨੇ ਅਪਣੱਤ ਪਾ ਲਈ। ਬੁਲ੍ਹੇ ਸ਼ਾਹ "ਬਰਾ ਹਾਲ ਹੋਇਆ ਪੰਜਾਬ ਦਾ, ਦਰ ਖਲ੍ਹਾ ਹਸ਼ਰ ਅਜ਼ਾਬ ਦਾ" ਦੇਖ ਕੇ, ਲਹੂ ਦੇ ਹੰਝੂ ਰੋਂਦਾ ਹੈ। ਉਹ ਮੁਗਲਾਂ ਦੇ ਜ਼ਹਿਰੀ ਸ਼ਰਾਬ ਪੀ ਪੀ ਕੇ ਗਰਕ ਹੋਣ ਅਤੇ ਭੁਰਿਆਂ ਵਾਲੇ ਸਿਖਾਂ ਨੂੰ ਚੜ੍ਹਦੀਆਂ ਕਲਾਂ ਵਿਚ ਵੇਖ ਕੇ ਰੱਬ ਦੀ ਰਜ਼ਾ ਨੂੰ ਚੇਤੇ ਰਖਦਾ ਹੈ:

"ਭੁਰੀਆਂ ਵਾਲੇ ਰਾਜੇ ਕੀਤੇ। ਮੁਗਲਾਂ ਜ਼ਹਿਰ ਪਿਆਲੇ ਪੀਤੇ।"

ਗੁਰੂ ਨਾਨਕ ਤੋਂ ਬਾਅਦ ਸਭ ਤੋਂ ਪੁਰਾਣੀਆਂ ਕਾਫ਼ੀਆਂ ਸ਼ਾਹ ਹੁਸੈਨ ਲਾਹੌਰੀ ਦੀਆਂ ਮਿਲਦੀਆਂ ਹਨ। ਇਹ ਸੰਨ ੯੪੫ ਹਿ: ਤੋਂ ੧੦੦੮ ਤਕ ਜੀਵੇ। ਇਹ ਇਕ ਹਿੰਦੂਉਂ ਬਣੇ ਮੁਸਲਮਾਨ ਦੇ ਘਰ ਹੋਏ ਸਨ, ਅਤੇ ਇਨ੍ਹਾਂ ਦੇ ਖ਼ਿਆਲਾਂ ਵਿਚ ਕੂਝ ਝਲਕ ਆਵਾਗੌਣ ਦੇ ਖਿਆਲ ਦੀ ਮਿਲਦੀ ਹੈ। ਉਹ ਕਹਿੰਦੇ ਹਨ:———

੪੮