ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਸ ਚੌਪਟ ਦੇ ਚੁਰਾਸੀ ਖ਼ਾਨੇ।
ਜੁਗ ਜੁਗ ਵਿਛੜੇ ਮਿਲ ਚੋਟਾਂ ਖਾਂਦੇ।
ਕੀ ਜਾਣਾ ਕੀ ਪਉਸੀ ਦਾ।
ਨਰਦ ਇਕੇਲੀ ਫਿਰ ਫਿਰ ਭਰਸੀ।
ਜੋ ਪਕ ਗਈ ਸੋ ਫਿਰ ਨਾ ਮਰਸੀ।
ਚੜਸੀ ਪਉਸੀ ਪੂਰਾ ਦਾ।

ਇਨ੍ਹਾਂ ਦੀ ਬੋਲੀ ਬਹੁਤ ਸਰਲ, ਸਾਫ਼ ਤੇ ਸਾਦੀ ਹੁੰਦੀ ਹੈ। ਤਸ਼ਬੀਹਾਂ ਆਮ ਵਰਤੋਂ ਦਾਣੇ ਭੁਨਾਣ, ਚਰਖਾ ਕਤਣ, ਪਾਣੀ ਭਰਣ ਤੋਂ ਲੱਦੀਆਂ ਹੁੰਦੀਆਂ ਹਨ। ਕਾਫ਼ੀ ਦੀ ਉਸਾਰੀ ਅਤੇ ਸੂਫ਼ੀ ਖਿਆਲ ਦੀ ਤਰਤੀਬ ਤੋਂ ਤਰੱਕੀ, ਜੋ ਸੱਯਦ ਬੁਲ੍ਹੇ ਸ਼ਾਹ ਦੇ ਹੱਥੋਂ ਹੋਈ, ਉਸਦਾ ਕੋਈ ਅੰਤ ਨਹੀਂ। ਇਨ੍ਹਾਂ ਨੇ ਕਾਫ਼ੀ ਨੂੰ ਰਾਗ, ਬੋਲੀ ਦੀ ਵਿਸ਼ਾਲਤਾ ਅਤੇ ਰੱਬੀ ਇਸ਼ਕ ਨਾਲ ਭਰਪੂਰ ਕਰ ਕੇ ਇਤਨਾ ਹਰਮਨ-ਪਿਆਰਾ ਬਣਾ ਦਿਤਾ ਕਿ ਉਸ ਵਕਤ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀ ਰਚਨਾ ਹਿੰਦੂਆਂ ਮੁਸਲਮਾਨਾਂ ਦੀ ਜ਼ਬਾਨ ਤੇ ਚੜ੍ਹੀ ਆਉਂਦੀ ਹੈ।

ਬੁਲ੍ਹੇ ਸ਼ਾਹ ਕਸੂਰ ਦੇ ਨੇੜੇ ਪੰਡੋਕ ਜ਼ਿਲ੍ਹਾ ਲਾਹੌਰ ਵਿਚ ੧੯੮੦ ਵਿਚ ਪੈਦਾ ਹੋਏ। ਇਹ ਹੋਰ ਸੂਫ਼ੀਆਂ ਵਾਕਰ ਆਪਣੇ ਖਿਆਲਾਂ ਨੂੰ ਕੱਚੇ ਪਿਲੇ ਲੋਕਾਂ ਦੀ ਨਜ਼ਰ ਤੋਂ ਬਚਾਣ ਲਈ ਦੋਅਰਥੇ ਲਫ਼ਜ਼ਾਂ ਵਿਚ ਜ਼ਾਹਰ ਕਰਦੇ ਸਨ:———

ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈ,
ਮੈਂ ਤੇ ਰਾਂਝਾ ਇਕੋ, ਐਵੇਂ ਲੋਕਾਂ ਨੂੰ ਅਜ਼ਮਾਈਂ।
ਜਿ ਬੇਲੇ ਵਿਚ ਬੇਲੀ ਵੱਸੇ, ਉਸ ਦੀਆਂ ਲਵਾਂ ਬਲਾਈਂ।
ਬੁਲ੍ਹਾ ਸ਼ਹੁ ਨੂੰ ਪਾਸੇ ਛਡ ਕੇ ਜੰਗਲ ਵਲ ਨਾ ਜਾਈਂ।
ਕਈ ਵਾਰੀ ਲੋਕਾਂ ਦੀ ਬੇਸਮਝੀ ਤੋਂ ਅੱਕ ਕੇ ਕਹਿ ਉਠਦੇ ਸਨ:
"ਬੁਲ੍ਹਿਆ ਤੈਨੂੰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।"
ਪਰ ਆਮ ਤੌਰ ਤੇ ਉਹ ਬਚ ਕੇ ਹੀ ਰਹਿੰਦੇ ਸਨ। ਕਹਿੰਦੇ ਹਨ:
"ਸ਼ਰੀਅਤ ਸਾਡੀ ਦਾਈ ਹੈ। ਪਰੀਕਤ ਸਾਡੀ ਮਾਈ ਹੈ।
ਅਗੋਂ ਹਕੀਕਤ ਪਾਈ ਹੈ। ਤੇ ਮਾਰਫਤੋਂ ਕੁਝ ਪਾਇਆ ਹੈ।"
ਉਨ੍ਹਾਂ ਦਾ ਨਿਸਚਾ ਸੀ ਕਿ ਰੱਬ ਤਕ ਪਹੁੰਚਣ ਲਈ ਗੁਰੂ ਪੀਰ ਦੀ ਲੋੜ ਹੈ:———

੪੯