ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖੀ ਜਾਵੇ ਤੇ ਜਿਹੜਾ ਜਿਸ ਗਾਹਕ ਦੀ ਪੈਰੀਂ ਆ ਜਾਵੇ ਉਹ ਉਸ ਦੇ ਗਲ ਮੜ੍ਹ ਦੇਵੇ। ਉਹ ਹਰ ਇਕ ਗਾਹਕ ਦੇ ਦੋਹਾਂ ਪੈਰਾਂ ਦੇ ਅੱਡ-ਅੱਡ ਮੇਚਾ ਲੈਂਦਾ ਸੀ, ਉਸ ਦੇ ਪੈਰ ਦੀ ਇਕ ਇਕ ਉਂਗਲ ਨੂੰ ਵੇਖਦਾ ਸੀ ਕਿ ਉਹ ਕਿਥੋਂ ਲੰਮੀ ਹੈ ਤੇ ਕਿਥੋਂ ਉੱਚੀ, ਤਾਂ ਜੋ ਬੂਟ ਉਚੇਚਾ ਉਸ ਦੇ ਪੈਰਾਂ ਲਈ ਬਣੇ ਤੇ ਅਜੇਹਾ ਬਣੇ ਜੋ ਉਸ ਦੀ ਇਕੋ ਇਕ ਉਂਗਲ ਨਾਲ ਠੀਕ ਆਵੇ, ਕਿਧਰੇ ਦੀ ਲੱਗੇ ਨਾ ਤੇ ਨਾ ਹੀ ਛੇਤੀ ਖ਼ਰਾਬ ਹੋਵੇ। ਇਹ ਕਦੇ ਨਹੀਂ ਸੀ ਹੋਇਆ ਕਿ ਉਸ ਦਾ ਬਣਾਇਆ ਬੂਟ ਗਾਹਕ ਨੂੰ ਠੀਕ ਮੇਚੇ ਨਾ ਆਇਆ ਹੋਵੇ।

ਫਿਰ ਇਹ ਦੋ ਜੋੜੇ ਬਾਹਰ ਪਏ ਰਹਿੰਦੇ ਸਨ, ਕਿਥੋਂ ਆ ਗਏ? ਇਹ ਭੀ ਅਣਹੋਣੀ ਗੱਲ ਹੈ। ਉਹ ਤਾਂ ਕਦੇ ਭੀ ਆਪਣੀ ਦੁਕਾਨ ਤੇ ਘਰ ਦੀ ਹਦ ਵਿਚ ਚਮੜੇ ਦੀ ਅਜੇਹੀ ਚੀਜ਼ ਨਹੀਂ ਸੀ ਲਿਆ ਸਕਦਾ, ਜਿਸ ਉਤੇ ਉਸ ਨੇ ਆਪ ਮਿਹਨਤ ਨਾ ਕੀਤੀ ਹੋਵੇ। ਨਾਲੇ ਉਹ ਦੋਵੇਂ ਬੂਟ ਡਾਢੇ ਪੱਕੇ ਤੇ ਡਾਢੇ ਸੋਹਣੇ ਸਨ। ਉਨ੍ਹਾਂ ਨੂੰ ਚਮੜਾ ਬੜਾ ਕੀਮਤੀ ਲੱਗਾ ਹੋਇਆ ਸੀ। ਉਨ੍ਹਾਂ ਨੂੰ ਵੇਖਦਿਆਂ ਹੀ ਬੂਟ ਖਰੀਦਣ ਨੂੰ ਜੀਅ ਕਰ ਆਉਂਦਾ ਸੀ। ਉਹ ਨਮੂਨੇ ਦੇ ਬੂਟ ਸਨ ਤੇ ਉਨ੍ਹਾਂ ਨੂੰ ਕੇਵਲ ਉਹੀ ਬਣਾ ਸਕਦਾ ਸੀ ਜੋ ਦਿਲੋਂ ਆਪਣੇ ਕੋਮ ਨਾਲ ਪਿਆਰ ਕਰਦਾ ਹੋਵੇ ਤੇ ਨਮੂਨੇ ਦੀਆਂ ਚੀਜ਼ਾਂ ਫ਼ਰਜ਼ ਕਰਕੇ ਉਨ੍ਹਾਂ ਨੂੰ ਬਣਾਉਣ ਲਈ ਵਾਹ ਲਾਉਂਦਾ ਹੋਵੇ।

ਇਹ ਠੀਕ ਹੈ ਕਿ ਉਸ ਬਾਬਤ ਇਹ ਸਾਰੀਆਂ ਗੱਲਾਂ ਮੈਨੂੰ ਢੇਰ ਚਿਰ ਪਿਛੋਂ ਜਾ ਕੇ ਸੁਝੀਆਂ ਸਨ, ਪਰ ਜਦੋਂ ਮੈਂ ੧੪ ਸਾਲ ਦੀ ਉਮਰ ਵਿਚ ਉਸ ਦੀ ਹੱਟੀ ਤੇ ਪਹਿਲੀ ਵਾਰੀ ਗਿਆ ਸਾਂ, ਓਦੋਂ ਭੀ ਮੇਰੇ ਉਤੇ ਉਸ ਦੇ ਤੇ ਉਸ ਦੇ ਭਰਾ ਦੇ ਵਡੱਪਣ ਦਾ ਬੜਾ ਭਾਰੀ ਅਸਰ ਪਿਆ ਸੀ, ਕਿਉਂਕਿ ਹਿੰਦ ਵਰ ਹੱਥੀਂ ਬੂਟ ਬਣਾਉਣੇ———ਫਿਰ ਇਹੋ ਜਿਹੇ ਬੂਟ ਬਣਾਉਣੇ ਮੇਰੇ ਲਈ ਇਕ ਅਚੰਭਾ ਤੇ ਗੁੰਝਲ ਸੀ। ਮੈਂ ਉਸ ਦਿਨ ਤਕ ਇਹੋ ਸਮਝਦਾ ਰਿਹਾ ਸਾਂ ਕਿ ਸਾਰੇ ਬੂਟ ਵਲੈਤੋਂ ਹੀ ਆਉਂਦੇ ਹਨ ਤੇ ਕੇਵਲ ਮਸ਼ੀਨ ਨਾਲ ਹੀ ਬਣ ਸਕਦੇ ਹਨ।

ਮੈਨੂੰ ਯਾਦ ਹੈ ਕਿ ਇਕ ਦਿਨ ਮੇਚਾ ਦੇਂਦਿਆਂ ਮੈਂ ਸੰਗਦਿਆਂ ਸੰਗਦਿਆਂ ਉਸ ਨੂੰ ਕਿਹਾ, 'ਗੰਗਾ ਦੀਨ, ਇਹ ਤੁਹਾਡਾ ਕੰਮ ਮੈਨੂੰ ਤਾਂ ਬੜਾ ਔਖਾ ਜਾਪਦਾ ਹੈ।' ਉਸ ਦਾ ਉੱਤਰ ਭੀ ਮੈਨੂੰ ਚੇਤੇ ਹੈ। ਉਸ ਨੇ ਆਪਣੀ ਕਰਬੜੀ ਹੋ ਚੁੱਕੀ

੫੪