ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹਾ ਬਿਲ ਅੜੁੰਗਿਆ ਹੋਇਆ ਸੀ। ਪੈਸੇ ਤਾਂ ਅੱਗੇ ਕਿੰਨੇ ਹੀ ਸਨ, ਪਰ ਅੱਗੇ ਕਦੇ ਉਸ ਨੇ ਨਾਲ ਹੀ ਬਿਲ ਨਹੀਂ ਸੀ ਭੇਜਿਆ, ਸਗੋਂ ਛੇਈਂ ਮਹੀਨੀਂ ਕੱਠਾ ਲੇਖਾ ਕਰੀਦਾ ਸੀ ਤੇ ਲੰਘਦਿਆਂ ਲੰਘਦਿਆਂ, ਕਦੇ ਸਹਿਜ-ਭਾ ਨਾਲ ਆਪੇ ਦੇ ਆਈਦੇ ਸਨ। ਮੈਨੂੰ ਸੁਝ ਗਈ ਕਿ ਉਸ ਨੂੰ ਡਾਢੀ ਲੋੜ ਪਈ ਹੋਣੀ ਹੈ। ਮੈਂ ਉਸ ਵੇਲੇ ਨੌਕਰ ਹੱਥ ਪੈਸੇ ਭੇਜ ਦਿੱਤੇ।

੧੦ ਕੁ ਦਿਨ ਪਿਛੋਂ ਮੈਂ ਉਧਰੋਂ ਲੰਘ ਰਿਹਾ ਸਾਂ। ਮੈਂ ਸੋਚਿਆ ਗੰਗਾ ਦੀਨ ਨੂੰ ਦੱਸ ਚਲੀਏ ਕਿ ਉਸ ਦੇ ਬੂਟ ਬਹੁਤ ਸੋਹਣੇ ਆਏ ਹਨ। ਮੈਂ ਜਦ ਦੁਕਾਨ ਤੇ ਪੁੱਜਾ ਤਾਂ ਮੈਂ ਵੇਖਿਆ ਕਿ ਉਹ ਗਤੇ ਦਾ ਬੋਰਡ ਉਥੇ ਹੈ ਨਹੀਂ, ਪਰ ਉਥੇ ਬੂਟ ਭਾਂਤ-ਭਾਂਤ ਦੇ ਪਏ ਸਨ ਤੇ ਦੁਕਾਨ ਸਜੀ ਹੋਈ ਸੀ। ਮੈਂ ਘਬਰਾਇਆ ਹੋਇਆ ਅੰਦਰ ਵੜਿਆ। ਦੋਵੇਂ ਦੁਕਾਨਾਂ ਫਿਰ ਇਕੋ ਬਣੀਆਂ ਹੋਈਆ ਤੇ ਮੈਨੂੰ ਇਕ ਜਵਾਨ ਆਦਮੀ ਸਾਫ ਕਪੜਿਆਂ ਵਿਚ ਕਸਿਆ ਹੋਇਆ ਮਿਲਿਆ।
ਮੈਂ ਕਿਹਾ, 'ਗੰਗਾ ਦੀਨ ਅੰਦਰ ਹੈ?'
ਉਸ ਨੇ ਹੈਰਾਨੀ ਨਾਲ ਮੇਰੇ ਵਲ ਤਕਿਆ, ਤੇ ਕਹਿਣ ਲੱਗਾ, 'ਨਹੀਂ ਜੀ, ਨਹੀਂ। ਤੁਸੀਂ ਹੁਕਮ ਕਰੋ। ਇਹ ਦੁਕਾਨ ਅਸਾਂ ਲੈ ਲਈ ਹੈ। ਤੁਸੀਂ ਸਾਡਾ ਬੋਰਡ ਨਹੀਂ ਦੇਖਿਆ? ਅਸੀਂ ਵੱਡੇ-ਵੱਡੇ ਘਰਾਂ ਵਿਚ ਬੂਟ ਭੇਜਦੇ ਹਾਂ। ਤੁਸੀਂ ਹੁਕਮ ਕਰੋ।'
'ਠੀਕ ਹੈ ਪਰ ਗੰਗਾ ਦੀਨ?'
'ਉਹ ਤਾਂ ਮਰ ਗਿਆ!’
‘ਮਰ ਗਿਆ! ਉਹ ਕਦੋਂ? ਅਜੋਂ ਅਗਲੇ ਦਿਨ ਤਾਂ ਉਸ ਤੋਂ ਬੂਟ ਮੰਗਵਾਏ ਹਨ।'
'ਉਹ ਵਿਚਾਰਾ ਭੁੱਖਾ ਹੀ ਮਰ ਗਿਆ। ਹਕੀਮ ਨੇ ਕਿਹਾ ਸੀ ਕਿ ਉਹ ਕੰਮ ਬਹੁਤਾ ਕਰਦਾ ਰਿਹਾ ਤੇ ਖਾਣ ਨੂੰ ਘਟ ਮਿਲਦਾ ਰਿਹਾ ਸੂ। ਉਹ ਬੂਟ ਏਨੀ ਰੀਝ ਨਾਲ ਬਣਾਉਂਦਾ ਸੀ ਕਿ ਸਾਈਆਂ ਦੇਣ ਵਾਲੇ ਕਾਹਲੇ ਪੈ ਜਾਂਦੇ ਸਨ ਤੇ ਉਹ ਕਈ ਦਿਨ ਲਾ ਛੱਡਦਾ ਸੀ। ਇਉਂ ਉਸ ਦੇ ਗਾਹਕ ਸਾਰੇ ਟੁੱਟ ਗਏ ਸਨ ਤੇ ਵਿਚਾਰਾ ਪੈਸਿਆਂ ਖੁਣੋਂ ਹੀ ਮਰ ਗਿਆ। ਉਸ ਜਿਹੇ ਬੂਟ ਸਾਰੇ ਪੰਜਾਬ ਵਿਚ ਕੋਈ ਨਹੀਂ ਜੀ ਬਣਾ ਸਕਦਾ। ਪਰ ਦੇਖੋ ਨਾ ਜੀ, ਅੱਜ ਕੱਲ੍ਹ ਮੁਕਾਬਲੇ ਦੇ ਦਿਨ ਹੋਏ। ਉਸ
 

੬੨