ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਨਾਨਕ ਦੇਵ ਦਾ ਦੇਸ਼-ਪਿਆਰ

ਗੁਰੂ ਨਾਨਕ ਸਾਹਿਬ ਦੇ ਦਿਲ ਵਿਚ ਜਿਥੇ ਸਾਰੇ ਸੰਸਾਰ ਲਈ ਪ੍ਰੇਮ ਸੀ, ਉਥੇ ਆਪਣੇ ਵਤਨ ਲਈ, ਵੀ ਖਾਸ ਲਗਨ ਸੀ। ਤੁਖਾਰੀ ਛੰਦ ਮਹਲਾ ੧ ਤੋਂ ਮਾਲੂਮ ਹੁੰਦਾ ਹੈ ਕਿ ਜਦ ਗੁਰੂ ਜੀ ਜੋਤੀ ਜੋਤਿ ਸਮਾਉਣ ਲਗੇ ਤਾਂ ਇਕ ਪਾਸੇ ਖੁਸ਼ੀ ਸੀ ਕਿ ਆਪਣੇ ਵਾਹਿਗੁਰੂ ਦੇ ਪਾਸ ਜਾਣ ਲੱਗਾ ਹਾਂ, ਪਰ ਦੂਜੇ ਪਾਸੇ ਆਪਣੇ ਸੋਹਣੇ ਦੇਸ਼ ਤੋਂ ਵਿਛੜਨ ਦਾ ਭੀ ਖਿਆਲ ਸੀ। ਭਾਵੇਂ ਗੁਰੂ ਜੀ ਆਪਣੀਆਂ ਅੱਖਾਂ ਕਰਤਾਰਪੁਰ ਵਿਚ ਮੀਟਦੇ ਹਨ, ਪਰ ਜਿਹੜੇ ਨਜ਼ਾਰੇ ਅੱਖਾਂ ਅੱਗੇ ਲਿਆਉਂਦੇ ਹਨ, ਉਹ ਨਨਕਾਣੇ ਸਾਹਿਬ ਦੇ ਹਨ, ਜਿਥੇ ਬਚਪਨ ਗੁਜ਼ਾਰਿਆ ਸੀ, ਅਤੇ ਜਿਥੇ ਪਸ਼ੂ ਚਾਰਦਿਆਂ ਕੜਕਦੀ ਦੁਪਹਿਰ ਵੇਲੇ ਕਿਧਰੇ ਲੰਮੇ ਪਿਆਂ-ਪਿਆਂ ਬੀਂਡਾ ਬੋਲਦਾ ਸੁਣਿਆ ਸੀ ('ਟੀਡੁ ਲਵ ਮੰਝਿ ਬਾਰ)।’ ਅੱਧੀ ਸਦੀ ਮਗਰ ਚੇਤੇ ਆਉਂਦਾ ਹੈ ਕਿ ਮੇਰੀ ਜਨਮ-ਭੂਮੀ ‘ਬਾਰ' ਵਿਚ ਵਣ ਦਾ ਰੁੱਖ ਫੁੱਲਿਆ ਹੋਣਾ ਹੈ ('ਬਨ ਫੁਲੇ ਮੰਝ ਬਾਰਿ') ਜਾਂ ਹੁਣ ਉਥੇ ਲੰਮੇ-ਲੰਮੇ ਘਾਹ ਨੇ ਬੁੰਬਲ ਕਢੇ ਹੋਣੇ ਨੇ (‘ਕੁਕਹ ਕਾਹ ਸਿ ਫੁਲੇ') ਇਹੋ ਜਿਹੇ ਹੋਰ ਕਈਆਂ ਸ਼ਬਦਾਂ ਤੋਂ ਸਿਧ ਹੁੰਦਾ ਹੈ ਕਿ ਜਿਹੜਾ ਗੁਰੂ ਨਾਨਕ ਸਾਰੇ ਜਹਾਨ ਦਾ ਸੀ, ਉਹ ਪੰਜਾਬ ਦਾ ਪੰਜਾਬੀ ਅਤੇ ਉਸ ਦੇ ਇਕ ਖ਼ਾਸ ਇਲਾਕੇ ਬਾਰ ਦਾ ਵਸਨੀਕ ਭੀ ਸੀ, ਜਿਥੇ ਕਣਕ, ਕਪਾਹ ਤੇ ਗੰਨੇ ਬਹੁਤ ਹੁੰਦੇ ਹਨ।

ਵਤਨ-ਪਿਆਰ ਦੀ ਤਹਿ ਵਿਚ ਘਰ ਦਾ ਪਿਆਰ ਹੁੰਦਾ ਹੈ, ਜਿਸ ਨਾਲ ਘਰ ਦੇ ਲੋਕ, ਘਰੋਗੀ ਵਸਤਾਂ ਅਤੇ ਘਰੋਗੀ ਰਹਿਣੀ ਬਹਿਣੀ ਚੰਗੀ ਲੱਗਦੀ ਹੈ। ਇਸ ਸੰਬੰਧ ਵਿਚ ਘਰੋਗੀ ਬੋਲੀ ਤੇ ਸੰਜਮ ਦਾ ਪਿਆਰ ਬਹੁਤ ਪ੍ਰਬਲ ਹੁੰਦਾ ਹੈ, ਕਿਉਂਕਿ ਇਨ੍ਹਾਂ ਦੇ ਹੀ ਆਸਰੇ ਸਾਡਾ ਕੌਮੀ ਆਚਰਣ ਬਣਦਾ ਅਤੇ ਕੌਮੀ ਸਭਿਅਤਾ ਉਸਰਦੀ ਅਤੇ ਨਿਸਰਦੀ ਹੈ। ਕੌਮੀ ਜਾਗਰਤ ਆ ਜਾਣ ਨਾਲ ਕਿਸੇ ਬਿਗਾਨੀ ਕੌਮ ਦੇ ਪਾਏ ਹੋਏ ਜੁੱਲ੍ਹੇ ਝਲਣ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਧਨਾਸਰੀ ਰਾਗ

੬੪