ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਆਪਣੇ ਦੇਸ਼-ਵਾਸੀਆਂ ਦੀ ਗੁਲਾਮੀ ਵਲ ਇਸ਼ਾਰਾ ਕਰ ਕੇ ਉਨ੍ਹਾਂ ਨੂੰ ਆਪਣਾ ਕੌਮੀ ਫਰਜ਼ ਪਛਾਣਨ ਲਈ ਵੰਗਾਰਦੇ ਹਨ। ਉਹ ਕਹਿੰਦੇ ਹਨ:———

ਖਤ੍ਰੀਆ ਤੇ ਧਰਮ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਿਟ ਸਭ ਇਕ-ਵਰਨ ਹੋਈ ਧਰਮ ਕੀ ਗਤਿ ਰਹੀ।।

ਗੁਰੂ ਜੀ ਕਿਸੇ ਬੋਲੀ ਦੇ ਵਿਰੁੱਧ ਨਹੀਂ ਸਨ। ਉਹ ਆਪ ਫ਼ਾਰਸੀ ਵਰਤਦੇ ਸਨ। ਪਰ ਉਹ ਦੇਸ਼ ਦੀ ਰੱਖਿਆ ਕਰਨ ਵਾਲੇ ਛਤਰੀਆਂ ਦੀ ਉਸ ਗੁਲਾਮੀ ਵਲ ਧਿਆਨ ਦੁਵਾਉਂਦੇ ਹਨ ਕਿ ਇਕ ਪਾਸੇ ਮੁਸਲਮਾਨਾਂ ਨੂੰ ‘ਮਲੇਛ' ਆਖਣ ਤੇ ਦੂਜੇ ਪਾਸੇ ਆਪਣੀ ਬੋਲੀ ਛੱਡ ਕੇ ਉਨ੍ਹਾਂ ਦੀ ਬੋਲੀ ਆਪਣੀ ਬਣਾ ਲੈਣੀ। ਛਤਰੀ ਲੋਕਾਂ ਦਾ ਫ਼ਰਜ਼ ਸੀ ਕਿ ਆਪਣੇ ਦੇਸ਼ ਦੇ ਧਰਮ ਕਰਮ ਤੇ ਬੋਲੀ ਨੂੰ ਬਚਾ ਕੇ ਰੱਖਦੇ, ਪਰ ਉਹਨਾਂ ਦੀ ਅਣਗਹਿਲੀ ਕਰਕੇ ਆਮ ਜਨਤਾ ਇਕ ਮੁਸਲਮਾਨੀ ਅਸਰ ਹੇਠਾਂ ਆ ਰਹੀ ਸੀ। ਇਹ ਗੁਲਾਮੀ ਵਾਲੀ ਏਕਤਾ ਸੀ। ਇਸ ਵਿਚ ਧਰਮ ਦੀ ਉੱਨਤੀ ਨਹੀਂ ਸੀ ਹੋ ਸਕਦੀ। ਇਸ ਤਰ੍ਹਾਂ ਆਸਾ ਦੀ ਵਾਰ ਵਿਚ ਫੁਰਮਾਉਂਦੇ ਹਨ:

"ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥"

ਭਾਵ ਘਰਾਂ ਅਦਰ ਬਹਿ ਕੇ ਤਾਂ ਹਿੰਦੂਆਂ ਵਾਲੀ ਪਾਠ ਪੂਜਾ ਕਰਦੇ ਹਨ, ਪਰ ਬਾਹਰ ਦਿਖਾਵੇ ਲਈ ਮੁਸਲਮਾਨਾਂ ਦੀਆਂ ਕਿਤਾਬਾਂ ਪੜ੍ਹਦੇ ਅਤੇ ਉਨ੍ਹਾਂ ਦੀ ਰਹਿਣੀ ਬਹਿਣੀ ਬਣਾ ਦਸਦੇ ਹਨ। ਜਿਵੇਂ ਅੱਜ ਕੱਲ੍ਹ ਸਰਕਾਰ ਦਰਬਾਰ ਵਿਚ ਮਨਜ਼ੂਰ ਹੋਣ ਲਈ ਲੋਕੀਂ ਕੋਟ ਪਤਲੂਨ ਕੱਸ ਲੈਂਦੇ ਹਨ, ਤਿਵੇਂ ਓਨ੍ਹੀਂ ਦਿਨੀਂ ਕੌਮ ਗੈਰਤ ਤੋਂ ਹੀਣੇ ਲੋਕ ਪ੍ਰਧਾਨ ਕੌਮਾਂ ਨੂੰ ਪ੍ਰਸੰਨ ਕਰਨ ਲਈ ਨੀਲੇ ਕਪੜੇ ਪਾਣ ਦਾ ਫ਼ੈਸ਼ਨ ਧਾਰ ਲੈਂਦੇ ਸਨ: "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣ।" ਇਕ ਪਾਸੇ ਮੁਸਲਮਾਨਾਂ ਨਾਲ ਧਾਰਮਕ ਤੌਰ ਤੇ ਨਫ਼ਰਤ ਕਰਨੀ ਅਤੇ ਉਨਾਂ ਨੂੰ ਚੌਕੇ ਦੇ ਨੇੜੇ ਨਾ ਢੁਕਣ ਦੇਣਾ ਅਤੇ ਦੂਜੇ ਪਾਸੇ ਆਪਣੇ ਹੱਥੀਂ ਮਾਸ ਬਣਾਨ ਦੀ ਥਾਂ ਮੁਸਲਮਾਨੀ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਬਕਰਾ ਖਾਣਾ।

"ਅਭਾਖਿਆ ਕਾ ਕੁਠਾ ਬਕਰਾ ਖਾਣਾ॥
ਚਉਕੇ ਉਪਰਿ ਕਿਸੇ ਨਾ ਜਾਣਾ।।
ਦੇ ਕੇ ਚਉਕਾ ਕਢੀ ਕਾਰ॥

੬੫