ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਪਰਿ ਆਇ ਬੈਠੇ ਕੂੜਿਆਰ॥
ਮਤੁ ਭਿਟੈ ਵੇ ਮਤੁ ਭਿਟੈ
ਇਹੁ ਅੰਨੁ ਅਸਾਡਾ ਫਿਟੈ॥"

ਲੋਕੀਂ ਏਡੇ ਨਿੱਘਰ ਹੋ ਗਏ ਸਨ ਕਿ (ਅੱਜ ਕੱਲ੍ਹ ਦੇ ਮਿਸਟਰ ਅਖਵਾਣ ਵਾਲੇ ਬਾਬੂਆਂ ਦੀ ਤਰ੍ਹਾਂ) ਆਪਣੇ ਆਪ ਨੂੰ ਮੀਆਂ ਅਖਵਾਣ ਵਿਚ ਰਾਜ਼ੀ ਹੁੰਦੇ ਸਨ ਅਤੇ ਆਪਣੀ ਦੇਸ਼-ਭਾਸ਼ਾ ਛੱਡ ਕੇ ਦੂਜਿਆਂ ਦੀ ਬੋਲੀ ਭਾਵ ਫ਼ਾਰਸੀ ਨੂੰ ਅਪਣਾਉਂਦੇ ਸਨ।

'ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਬਸੰਤ)

ਗੁਰੂ ਜੀ ਨੂੰ ਆਪਣੇ ਖਿਆਲਾਂ ਦੀ ਤਹਿ ਵਿਚ ਕੌਮੀ ਨਫ਼ਰਤ ਨਹੀਂ ਸਗੋਂ ਕੌਮੀ ਸਭਿਅਤਾ ਦੇ ਬਚਾਣ ਦਾ ਫਿਕਰ ਸੀ। ਉਂਜ ਗੁਰੂ ਜੀ ਦੇ ਦਿਲ ਵਿਚ ਮੁਸਲਮਾਨਾਂ ਲਈ ਚੋਖੀ ਕਦਰ ਸੀ। ਜਦ ਬਾਬਰ ਨੇ ਹਿੰਦ ਉਤੇ ਹਮਲਾ ਕੀਤਾ ਤਾਂ ਕੀ ਮੁਸਲਮਾਨ ਤੇ ਕੀ ਹਿੰਦੂ ਸਾਰੇ ਹਿੰਦ-ਵਾਸੀਆਂ ਦੀ ਬੁਰੀ ਬਾਬ ਹੋਈ। ਗੁਰੂ ਨਾਨਕ ਦੇਵ ਇਕ ਸੱਚੇ ਦੇਸ਼-ਭਗਤ ਵਾਕਰ ਜਿਥੇ ਹਿੰਦੂਆਂ ਦੇ ਦੁਖੜੇ ਬਿਆਨ ਕਰ ਕੇ ‘ਖੂਨ ਕੇ ਸੋਹਲੇ' ਗਾਉਂਦੇ ਹਨ, ਉਥੇ ਮੁਸਲਮਾਨਾਂ ਤੇ ਮੁਸਲਮਾਨੀਆਂ ਦੀ ਦੁਰਗਤੀ ਦਾ ਪਹਿਲਾਂ ਜ਼ਿਕਰ ਕਰਦੇ ਹਨ।

'ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ'॥ {ਆਸਾ)

ਭਾਵ ਮੁਸਲਮਾਨਾ ਨੂੰ ਨਮਾਜ਼ ਨਾ ਪੜ੍ਹਨੀ ਮਿਲੀ ਤੇ ਹਿੰਦੂਆਂ ਦੀ ਪੂਜਾ ਘੁਸ ਗਈ। ‘ਥਾਨ ਮੁਕਾਮ ਜਲੇ ਬਿਜ ਮੰਦਰ' (ਆਸਾ)। ਭਾਵ ਮੁਸਲਮਾਨਾਂ ਦੇ ਤਕੀਏ ਕੇ ਟਿਕਾਣੇ ਸਾੜੇ ਗਏ ਤੇ ਹਿੰਦੁਆਂ ਦੇ ਪੱਕੇ ਮੰਦਰ ਸਾੜੇ ਗਏ। 'ਇਕਨਾ ਪੇਰਣ ਸਿਰ-ਖੁਰ ਪਾਟੇ ਇਕਨਾ ਵਾਸ ਮਸਾਣੀ' (ਆਸਾ)। ਭਾਵ ਮੁਸਲਮਾਨੀਆਂ ਦੇ ਬੁਰਕੇ ਸਿਰ ਤੋਂ ਪੈਰ ਤਕ ਫਾੜੇ ਗਏ (ਬੇਪਤੀ ਕੀਤੀ ਗਈ), ਅਤੇ ਹਿੰਦਵਾਣੀਆਂ ਸਿਰੋ ਮਾਰੀਆਂ ਗਈਆਂ। 'ਕਾਜ਼ੀਆਂ ਬ੍ਰਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ। ਮੁਸਲਮਾਣੀਆਂ ਪੜਹਿ-ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ। ਜਾਤਿ ਸਨਾਤੀ ਹੋਰ ਹਿਦਵਾਣੀਆਂ ਏਹ ਭੀ ਲੇਖੇ ਲਾਇ ਵੇ ਲਾਲੋ (ਤਿਲੰਗ)। ਇਨ੍ਹਾਂ ਤੁਕਾਂ ਵਿਚ ਭੀ ਪਹਿਲਾਂ ਮੁਸਲਮਾਨੀਆਂ ਉਤੇ ਹੋਏ ਜ਼ੁਲਮਾਂ ਦਾ ਜ਼ਿਕਰ ਹੈ ਤੇ ਉਪਰੰਤ ਹਿੰਦਵਾਣੀਆਂ ਦਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰੂ ਜੀ ਜਿਥੇ

੬੬