ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਦੂਆਂ ਦਾ ਦੁਖ ਮਹਿਸੂਸ ਕਰਦੇ ਸਨ, ਉਥੇ ਮੁਸਲਮਾਨਾਂ ਦਾ ਭੀ ਕਰਦੇ ਸਨ। ਇਹ ਸਾਂਝੀ ਹਮਦਰਦੀ ਹੀ ਸੱਚੀ ਦੇਸ਼-ਭਗਤੀ ਦੀ ਨਿਸ਼ਾਨੀ ਹੈ।

ਸੱਚਾ ਦੇਸ਼-ਭਗਤ ਆਪਣੇ ਦੇਸ਼ ਦੀ ਬੇਪਤੀ ਕਰਨ ਵਾਲੇ ਤੋਂ ਡਰਦਾ ਨਹੀਂ, ਅਤੇ ਨਾ ਹੀ ਉਸ ਦੇ ਸਾਹਮਣੇ ਝੁਕਦਾ ਅਤੇ ਪਿਠ ਪਿਛੇ ਕਾਇਰਾਂ ਵਾਕਰ ਗਾਲ੍ਹਾਂ ਕਢਦਾ ਹੈ। ਗੁਰੂ ਜੀ ਬਾਬਰ-ਵਾਣੀ ਦੇ ਸਮੇਂ ਬਾਬਰ ਦੇ ਸਾਹਮਣੇ ਉਸ ਦੇ ਜਬਰ ਦਾ ਗਿਲਾ ਕਰਦੇ ਹਨ:

'ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੋ ਵਖਿ ਇਕੇਲਾ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥
ਕਾਇਆ ਕਪੜ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ॥
ਆਵਨਿ ਅਠਤਰੈ ਜਾਨਿ ਸਤਾਨਵੇ ਹੋਰ ਵੀ ਉਠਸੀ ਮਰਦ ਕਾ ਚੇਲਾ॥
ਸਚ ਕੀ ਬਾਣੀ ਨਾਨਕੁ ਆਖੇ ਸਚ ਸੁਣਾਇਸੀ ਸਚ ਕੀ ਬੇਲਾ’॥ (ਤਿਲੰਗ)

ਉਹ ਕਹਿੰਦੇ ਹਨ ਕਿ ਮੁਗ਼ਲੋ! ਜਿਸ ਵਾਹਿਗੁਰੂ ਨੇ ਇਹ ਲੁਕਾਈ ਵਖੋ-ਵੱਖ ਹਾਲਤਾਂ ਵਿਚ ਲਾ ਰਖੀ ਹੈ, ਉਹ ਆਪ ਬੈਠ ਕੇ ਇਹ ਖੇਡ ਦੇਖ ਰਿਹਾ ਹੈ। ਉਹ ਸੱਚਾ ਮਾਲਕ ਹੈ ਤੇ ਉਸ ਦਾ ਫੈਸਲਾ ਸੱਚਾ ਹੁੰਦਾ ਹੈ। ਇਸ ਲਈ ਉਹ ਸੱਚੇ ਨਿਆਂ ਵਾਲਾ ਹੁਕਮ ਕਰੇਗਾ। ਤੁਹਾਡੇ ਸਰੀਰ ਕਪੜੇ ਵਾਂਗੂ ਲੀਰਾਂ ਲੀਰਾਂ ਕੀਤੇ ਜਾਣਗੇ ਅਤੇ ਹਿੰਦੁਸਤਾਨ ਮੇਰੇ ਇਸ ਅਗੰਮੀ ਵਾਕ ਨੂੰ ਯਾਦ ਕਰੇਗਾ। ਮੁਗਲ ਸੰਮਤ ੧੫੭੮ ਵਿਚ ਆਉਂਦੇ ਹਨ ਅਤੇ ੧੫੯੭ ਵਿਚ ਚਲੇ ਜਾਣਗੇ, ਜਦ ਸ਼ੇਰ ਸ਼ਾਹ ਸੂਰੀ ਵਰਗਾ ਬਹਾਦਰ ਆਦਮੀ, ਦੇਸ਼ ਵਿਚ ਆ ਧਮਕੇਗਾ। ਮੈਂ ਸੱਚੀ ਗੱਲ ਆਖ ਰਿਹਾ ਹਾਂ ਅਤੇ ਸੱਚ ਜ਼ਰੂਰ ਆਖਾਂਗਾ, ਕਿਉਂਕਿ ਸੱਚ ਸੁਨਾਉਣ ਦਾ ਇਹੋ ਵੇਲਾ ਹੈ। (ਪਿਛੋਂ ਜਦ ਬਾਬਰ ਚਲਾ ਗਿਆ ਤਾਂ ਇਹ ਗੱਲਾਂ ਕਹਿਣ ਦਾ ਕੀ ਲਾਭ ਹੋਵੇਗਾ?)

ਸੱਚਾ ਦੇਸ਼-ਭਗਤ ਜਿਥੇ ਦੇਸ਼ ਦੇ ਵੈਰੀ ਨੂੰ ਸੱਚ ਆਖਣ ਵਿਚ ਦਲੇਰੀ ਕਰਦਾ ਹੈ, ਉਥੇ ਆਪਣੇ ਦੇਸ਼ ਵਾਸੀਆਂ ਦੀਆਂ ਭੁਲਾਂ ਜਾਂ ਕਮਜ਼ੋਰੀਆਂ ਦੱਸਣ ਤੋਂ ਭੀ ਨਹੀਂ ਝਿਜਕਦਾ। ਜਦ ਭਾਈ ਮਰਦਾਨੇ ਮੁਗ਼ਲਾਂ ਦੇ ਹਥੋਂ ਹਿੰਦੁਸਤਾਨੀਆਂ ਨੂੰ ਹਾਰ ਖਾਂਦਿਆਂ ਦੇਖਿਆ ਤਾਂ ਪੁੱਛਣ ਲੱਗਾ, "ਗੁਰੂ ਜੀ! ਸਾਡੇ ਦੇਸ਼ਵਾਸੀ ਇਤਨੀ ਗਿਣਤੀ ਦੇ ਹੁੰਦਿਆਂ ਕਿਉਂ ਹਾਰ ਗਏ?" ਇਹ ਸਵਾਲ ਸਾਡੇ ਇਤਿਹਾਸ ਵਿਚ ਕਈ ਵੇਰ ਪੁਛਿਆ ਗਿਆ ਅਤੇ ਪੁਛਿਆ ਜਾਏਗਾ, ਪਰ ਇਸ ਦਾ ਉੱਤਰ ਵੱਖੋ-

੬੭