ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਜ਼ਮਾਨਾ

ਸਭ ਤੋਂ ਪਹਿਲੀ ਗੱਲ ਜੋ ਨਵੇਂ ਜ਼ਮਾਨੇ ਦੀ ਦਿਸਦੀ ਹੈ, ਉਹ ਇਹ ਹੈ ਕਿ ਸੰਸਾਰ ਜੋ ਵੱਡਾ ਸਾਰਾ ਦਿਸਦਾ ਸੀ, ਹੁਣ ਨਿੱਕਾ ਜਿਹਾ ਭਾਸਣ ਲੱਗਾ ਹੈ। ਦੇਸ਼ ਤੇ ਕਾਲ ਦੀ ਵਿਥ ਬਹੁਤ ਘਟ ਗਈ ਹੈ। ਮਨੁੱਖਾਂ ਦੇ ਮੇਲ ਜੋਲ ਦੇ ਵਸੀਲੇ ਵਧ ਤੋਂ ਵਧ ਸੁਖੈਨ ਤੇ ਤੇਜ਼ ਹੋ ਰਹੇ ਹਨ। ਰੇਲਾਂ, ਮੋਟਰਾਂ ਤੇ ਹਵਾਈ ਜਹਾਜ਼ਾਂ ਨੇ ਦੇਸ਼ਾਂ ਅਤੇ ਮਨੁੱਖਾਂ ਦੇ ਵਿਚਕਾਰਲੀ ਵਿਥ ਬਹੁਤ ਘਟਾ ਦਿਤੀ ਹੈ। ਤਾਰ ਤੇ ਬੇਤਾਰ ਬਰਕੀ ਨੇ ਸਮੇਂ ਦੀ ਵਿਥ ਦਾ ਕਰੀਬਨ ਅਭਾਵ ਹੀ ਕਰ ਦਿਤਾ ਹੈ। ਇਸ ਮੇਲ ਜੋਲ ਦੇ ਵਧ ਜਾਣ ਨਾਲ ਕੌਮਾਂ ਦੀ ਆਪੋ ਵਿਚ ਦੀ ਵਾਕਫ਼ੀ ਤੇ ਸਾਂਝ ਬਹੁਤ ਵਧ ਗਈ ਹੈ, ਸਾਹਿੱਤ, ਬੋਲੀ ਤੇ ਖਿਆਲ ਦਾ ਵਟਾਂਦਰਾ ਮਨੁੱਖਾਂ ਦੀ ਸਮਝ, ਜਜ਼ਬੇ ਤੇ ਸਦਾਚਾਰ ਨੂੰ ਇਕੋ ਜਿਹਾ ਬਣਾ ਰਿਹਾ ਹੈ। ਇਥੋਂ ਤਕ ਕਿ ਖਾਣ ਪੀਣ, ਪਹਿਨਣ ਦੇ ਢੰਗ ਭੀ ਇਕਮਈ ਹੋ ਰਹੇ ਹਨ। ਮਨੁੱਖ ਜਾਤੀ ਇਕ-ਸਮਾਨ ਹੋ ਰਹੀ ਹੈ। ਹੁਣ ਲੋਕਾਂ ਨੂੰ ਭੂਗੋਲਕ ਅਤੇ ਨਸਲੀ ਵੰਡਾਂ ਬਹੁਤ ਚਿਰ ਅੱਡ ਨਹੀਂ ਰੱਖ ਸਕਣਗੀਆਂ ਅਤੇ ਨਾ ਹਕੂਮਤਾਂ ਦੇ ਅੱਡ ਪ੍ਰਬੰਧ ਲੋਕਾਂ ਦੇ ਦਿਲਾਂ ਨੂੰ ਇਕ ਦੂਜੇ ਤੋਂ ਪਾੜ ਕੇ ਰਖ ਸਕਣਗੇ, ਕਿਉਂਕਿ ਰਹਿਣੀ ਬਹਿਣੀ, ਸਦਾਚਾਰ, ਵਿਹਾਰ, ਵਿਦਿਆ ਅਤੇ ਮਾਨਸਕ ਤੇ ਆਤਮਕ ਲੋੜਾਂ ਨੇ ਭੂਗੋਲਿਕ ਅਤੇ ਪੁਲੀਟੀਕਲ ਹਦ-ਬੰਨੇ ਟੱਪ ਕੇ ਲੋਕਾਂ ਦੇ ਅੰਦਰਲੇ ਜੀਵਨ ਨੂੰ ਸਾਂਝਾ ਬਣਾ ਦਿਤਾ ਹੈ। ਹੁਣ "ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ" ਵਾਲਾ ਹੁਕਮ ਪੂਰਾ ਹੋ ਰਿਹਾ ਹੈ।

ਮਨੁੱਖ ਜਾਤੀ ਨਿਰੀ ਇਕ-ਮਿਕ ਹੀ ਨਹੀਂ ਹੋ ਰਹੀ, ਸਗੋਂ ਸਰੀਰਕ, ਮਾਨਸਿਕ ਤੇ ਆਤਮਕ ਤੌਰ ਤੇ ਤਰੱਕੀ ਕਰ ਰਹੀ ਹੈ। ਚੂੰਕਿ ਇਹ ਤਰੱਕੀ ਹਰ ਥਾਂ ਇਕਸਾਰ ਨਹੀਂ ਹੋ ਰਹੀ, ਇਸ ਲਈ ਕਈ ਥਾਂਵਾਂ ਦੇ ਲੋਕ ਮੇਰੇ ਇਸ ਖ਼ਿਆਲ ਨਾਲ ਸਹਿਮਤ ਨਹੀਂ ਹੋਣਗੇ, ਪਰ ਜੇ ਸਾਰੇ ਸੰਸਾਰ ਉੱਤੇ ਸਮੁੱਚੀ ਨਜ਼ਰ ਸੁੱਟੀ ਜਾਵੇ, ਅਤੇ