ਵੱਖ ਲੋਕ ਕਈ ਤਰੀਕਿਆਂ ਨਾਲ ਦਿੰਦੇ ਹਨ। ਕਈ ਕਹਿੰਦੇ ਹਨ ਕਿ ਹਿੰਦਵਾਸੀ ਨੇਕ ਸਨ, ਪਵਿੱਤਰ ਸਨ, ਪਰ ਜਥੇਬੰਦ ਨਹੀਂ ਸਨ, ਇਸ ਲਈ ਹਾਰ ਗਏ। (ਦੇਖੋ ਭਾਈ ਪਰਮਾਨੰਦ ਜੀ ਲਿਖਿਆ ਪੰਜਾਬ ਦਾ ਇਤਿਹਾਸ।) ਪਰ ਗੁਰੂ ਨਾਨਕ ਦੇਵ ਜੀ, ਜੋ ਸਾਕੇ ਦੇ ਸਮਕਾਲੀ ਸਨ ਅਤੇ ਸਾਡੀ ਕਮਜ਼ੋਰੀ ਨੂੰ ਸਾਹਮਣੇ ਦੇਖ ਰਹੇ ਸਨ, ਇਉਂ ਫੁਰਮਾਉਂਦੇ ਹਨ:
"ਜਿਸ ਨੇ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ'॥ (ਆਸਾ)
ਜਿਸ ਨੂੰ ਹਰੀ ਨੋ ਆਪ ਭੁਲਾਣਾ ਹੁੰਦਾ ਹੈ, ਉਸ ਤੋਂ ਨੇਕੀ ਖੋਹ ਲੈਂਦਾ ਹੈ। ਹਿੰਦ-ਵਾਸੀਆਂ ਦੇ ਹਾਰ ਜਾਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਵਿਚੋਂ ਨੇਕੀ ਨਿਕਲ ਗਈ ਸੀ। ਇਨ੍ਹਾਂ ਲੋਕਾਂ ਵਿਚੋਂ ਸਾਦਗੀ, ਪਵਿੱਤਰਤਾ, ਕੁਰਬਾਨੀ ਅਤੇ ਹਰੀ ਦਾ ਪਿਆਰ ਗੁੰਮ ਹੋ ਚੁਕਾ ਸੀ। ਜਿਹੜੇ ਲੋਧੀ ਸੁਲਤਾਨ ਇਨ੍ਹਾਂ ਉਤੇ ਰਾਜ ਕਰ ਰਹੇ ਸਨ ਉਹਨਾਂ ਨੂੰ ਹਿੰਦ ਜਹੇ ਕੀਮਤੀ ਰਤਨ ਦੀ ਕਦਰ ਨਹੀਂ ਸੀ:
'ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆਂ ਸਾਰ ਨ ਕਾਈ'॥(ਆਸਾ)
ਇਨ੍ਹਾਂ ਕਮੀਨੇ ਪਠਾਣਾਂ ਨੇ ਹੀਰੇ ਵਰਗੇ ਹਿੰਦੁਸਤਾਨ ਨੂੰ ਘਟੇ ਕੌਡੀ ਰੇਲ ਦਿੱਤਾ ਹੈ (ਭਾਵ ਮੁਗ਼ਲਾਂ ਦੇ ਸਾਹਮਣੇ ਬਹੁਤ ਅੜੇ ਨਹੀਂ ਤੇ ਇਹੋ ਜਿਹਾ ਕੀਮਤੀ ਦੇਸ਼ ਐਵੇਂ ਹੀ ਖੁਹਾ ਬੈਠੇ ਹਨ) ਮਰਨ ਪਿਛੋਂ ਇਨ੍ਹਾਂ ਨੂੰ ਕਿਸੇ ਚੇਤੇ ਵੀ ਨਹੀਂ ਕਰਨਾ।
ਜਿਥੇ ਰਾਜਿਆਂ ਨੂੰ ‘ਕਲ ਕਾਤੀ ਰਾਜੇ ਕਾਸਾਈਂ' ਜਾਂ ‘ਲਬੁ ਪਾਪੁ ਦੋਇ ਰਾਜਾ ਮਹਿਤਾ’ ਕਿਹਾ ਹੈ, ਉਥੇ ਪਰਜਾ ਦੀ ਕਮਜ਼ੋਰੀ ਦੱਸਣ ਵਿਚ ਸੰਕੋਚ ਨਹੀਂ ਕੀਤਾ। 'ਅੰਧੀ ਰਈਯਤਿ ਗਿਆਨ ਵਿਹੂਣੀ ਭਾਹਿ ਭਰਿਹਿ ਮੁਰਦਾਰ’ (ਵਾਰ ਆਸਾ)। ਭਾਵ ਰਈਯਤਿ ਬੇਸਮਝੀ ਦੇ ਕਾਰਨ ਅੰਨ੍ਹੀ ਹੋਈ ਪਈ ਹੈ ਅਤੇ ਮੁਰਦਿਆਂ ਵਾਂਗਰ ਵਫ਼ਾਦਾਰੀ ਦਾ ਦਮ ਭਰਦੀ ਹੈ! ਇਹੋ ਜਹੀ ਕਮਜ਼ੋਰੀ ਕਰਕੇ ਸਾਰੀ ਦੀ ਸਾਰੀ ਕੌਮ ਪ੍ਰਦੇਸੀ ਹਮਲਾਵਰਾਂ ਦੇ ਅੱਗੇ ਭੇਡਾਂ ਬਕਰੀਆਂ ਵਾਕਰ ਹੀਣੀ ਹੋ ਕੇ ਚਲਦੀ ਹੈ। ਜਦ ਮੁਗ਼ਲਾਂ ਨੇ ਸ਼ੇਰਾਂ ਵਾਕਰ ਇਨ੍ਹਾਂ ਉਤੇ ਹੱਲਾ ਬੋਲ ਦਿੱਤਾ ਤਾਂ ਹਿੰਦ-ਵਾਸੀ ਗਾਈਆਂ ਵਾਕਰ ਕੱਟੇ ਵੱਢੇ ਗਏ। ਗੁਰੂ ਜੀ ਉਸ ਨਜ਼ਾਰੇ ਨੂੰ ਅੱਖੀਂ ਵੇਖ ਕੇ ਵਿਸਮਾਦ ਵਿਚ ਆਏ ਅਤੇ ਇਹ ਸ਼ਬਦ ਉਚਾਰਿਆ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ॥੧॥