ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨਿ ਰੋਸੁ ਨ ਹੋਈ॥੧॥ ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪਰਸਾਈ'॥ (ਆਸਾ)

ਇਸ ਸ਼ਬਦ ਵਿਚ ਰੱਬ ਕੋਲੋਂ ਪੁਛਦੇ ਹਨ ਕਿ ਹੇ ਸਭ ਦੇ ਸਾਂਝੇ ਕਰਤਾਰ! ਕੀ ਐਸੀ ਮਾਰ ਪੈਂਦੀ ਦੇਖ ਕੇ ਤੈਨੂੰ ਦਰਦ ਨਾ ਆਇਆ? ਤੂੰ ਨਿਰਾ ਮੁਗ਼ਲਾਂ ਦਾ ਨਹੀਂ ਸੈਂ। ਤੂੰ ਤਾਂ ਹਿੰਦ-ਵਾਸੀਆਂ ਦਾ ਭੀ ਸੈਂ। ਫੇਰ ਕਿਉਂ ਐਸਾ ਹੋਣ ਦਿਤੋਈ? ਜੇਕਰ ਇਕ ਬਲਵਾਨ ਕਿਸੇ ਦੂਜੇ ਬਲਵਾਨ ਨੂੰ ਮਾਰੇ ਤਾਂ ਦਿਲ ਵਿਚ ਰੋਸ ਨਹੀਂ ਹੁੰਦਾ, ਭਾਵ ਜਿਸ ਤਰ੍ਹਾਂ ਬਾਬਰ ਦੇ ਆਦਮੀ ਤਾਕਤਵਰ ਸਨ, ਜੇ ਸਾਡੇ ਪਾਸੇ ਦੇ ਲੋਕ ਭੀ ਤਾਕਤ ਰੱਖਦੇ ਤੇ ਚੰਗੀ ਤਰ੍ਹਾਂ ਲੜ ਕੇ ਹਾਰ ਖਾ ਜਾਂਦੇ, ਤਾਂ ਮੈਨੂੰ ਅਫ਼ਸੋਸ ਨਾ ਹੁੰਦਾ, ਪਰ ਜੇ ਇਕ ਪਾਸੇ ਸ਼ੇਰ ਹੋਵੇ ਤੇ ਦੂਜੇ ਪਾਸੇ ਨਿਰਾ ਗਾਈਆਂ ਦਾ ਵੱਗ ਹੋਵੇ ਤਾਂ ਭੇੜ ਇਕ-ਪਾਸਾ ਜਿਹਾ ਹੁੰਦਾ ਹੈ। ਐਸੀ ਹਾਲਤ ਵਿਚ ਉਸ ਵੱਗ ਦੇ ਮਾਲਕ ਤੋਂ ਪੁਛ ਹੁੰਦੀ ਹੈ ਕਿ ਤੂੰ ਕਿਥੇ ਸੈਂ?

ਉਸ ਸਮੇਂ ਹਿੰਦ-ਵਾਸੀ ਇਕ ਗਾਈਆਂ ਦੇ ਵੱਗ ਵਾਂਗ ਨਿਹੱਥੇ ਤੇ ਨਿਤਾਣੇ ਸਨ ਅਤੇ ਉਨ੍ਹਾਂ ਉਤੇ ਕੋਈ ਨਾ ਕੋਈ ਸ਼ੇਰ ਆ ਹੀ ਪੈਂਦਾ ਸੀ। ਇਨ੍ਹਾਂ ਦੇ ਬਚਾਉ ਲਈ ਕਈਆਂ ਨੇ ਜਤਨ ਕੀਤੇ। ਕਈਆਂ ਨੇ ਜਿਨ੍ਹਾਂ ਦੇ ਦੁਆਲੇ ਜਾਤਿ-ਪਾਤਿ ਤੇ ਛੂਤ-ਛਾਤ ਦੀਆਂ ਕੰਧਾਂ ਉਸਾਰ ਕੇ ਵਰਣ-ਆਸ਼ਰਮ ਦੀ ਕਿਲਾ-ਬੰਦੀ ਕਰ ਦਿੱਤੀ। ਇਹ ਸਾਧਨ ਮੁਦਤਾਂ ਤੀਕ ਹੁੰਦੀਆਂ ਨੂੰ ਖੇਰੂ ਖੇਰੂ ਹੋਣ ਤੋਂ ਬਚਾਂਦੇ ਰਹੇ ਪਰ ਜਦ ਭੀ ਇਹ ਗਊਆਂ ਕਿਲ੍ਹੇ ਤੋਂ ਬਾਹਰ ਮਦਾਨ ਵਿਚ ਆਉਂਦੀਆਂ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੀਆਂ। ਗੁਰੂ ਨਾਨਕ ਦੇਵ ਨੇ ਇਕ ਸੱਚੇ ਆਗੂ ਦੀ ਤਰ੍ਹਾਂ ਇਨ੍ਹਾਂ ਦੇ ਬਚਾਉ ਦਾ ਪੱਕਾ ਤੇ ਸਦੀਵੀ ਪ੍ਰਬੰਧ ਦਾ ਖਿਆਲ ਕੀਤਾ, ਤਾਕਿ ਅੰਦਰਲੀਆਂ ਬਾਹਰਲੀਆਂ ਕਮਜ਼ੋਰੀਆਂ ਦੂਰ ਹੋ ਕੇ ਹਰ ਤਰ੍ਹਾਂ ਦੇ ਹਮਲਾ-ਆਵਰਾਂ ਤੋਂ ਬਚ ਕੇ ਰਹਿਣ ਦਾ ਹੀਆ ਕਰ ਸਕਣ। ਸਿੱਖ ਇਤਿਹਾਸ ਵਿਚ ਇਸੇ ਕੌਮੀ ਉਸਾਰੀ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਨਿਮਾਣੀਆਂ ਗਊਆਂ ਵਰਗੇ ਲੋਕ ਓਪਰੋਥਲੀ ਦੇਸ਼ ਦੇ ਆਗੂਆਂ ਦੀ ਅਮਲੀ ਸਿੱਖਿਆ ਤੇ ਅਗਵਾਈ ਨਾਲ ਤਕੜੇ ਹੁੰਦੇ ਗਏ ਅਤੇ ਅੰਤ ਸੰਨ ੧੮੯੯ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹਥੋਂ ਅੰਮ੍ਰਿਤ ਛਕ ਕੇ ‘ਸਿੰਘ’ ਸਜ ਗਏ, ਭਾਵ ਗਊਆਂ ਸ਼ੇਰ ਬਣ ਗਈਆਂ।


੬੯