ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਰਿਹਾ ਹੈ। ਵੇਖੋ ਜੁੱਤੀ ਦਾ ਤਲਾ ਛੱਪਰ ਨਾਲੋਂ ਵੱਖਰਾ ਹੋ ਰਿਹਾ ਹੈ! ਕਿੰਨਾ ਘੱਟਾ ਉਸ ਦੀ ਜੁੱਤੀ ਨਾਲ ਉਡ ਰਿਹਾ ਹੈ! ਉਹ ਕੁਝ ਬੁੜ-ਬੁੜ ਕਰਦਾ ਹੈ। ਖ਼ਬਰੇ ਉਹ ਆਪਣੇ ਸਮੇਂ ਨੂੰ ਕੋਸਦਾ ਹੈ ਜਾਂ ਆਪਣੀ ਕਿਸਮਤ ਉਤੇ ਝੂਰ ਰਿਹਾ ਹੈ। ਕਿੰਨੇ ਆਦਮੀ ਇਸ ਆਦਮੀ ਵਾਂਗ ਨਹੀਂ ਕਰਦੇ? ਉਹ ਆਪਣੀਆਂ ਬਦ-ਪਰਹੇਜ਼ੀਆਂ ਦੇ ਕਾਰਨ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਆਪਣੀਆਂ ਕੁਚਾਲਾਂ ਨਾਲ ਆਪਣੇ ਰਾਹ ਵਿਚ ਕੰਡੇ ਬੀਜਦੇ ਹਨ ਅਤੇ ਫੇਰ ਦੋਸ਼ ਦੂਜਿਆਂ ਦੇ ਸਿਰ ਮੜ੍ਹਦੇ ਤੇ ਪਰਮਾਤਮਾ ਨੂੰ ਭੀ ਭੰਡਣ ਲੱਗ ਪੈਂਦੇ ਹਨ। ਉਹ ਕਈ ਭੁੱਲਾਂ ਕਰਕੇ ਆਪਣੀ ਜੜ੍ਹੀਂ ਆਪ ਤੇਲ ਦੇਂਦੇ ਹਨ। ਉਹ ਆਪਣਾ ਝੁੱਗਾ ਆਪ ਉਜਾੜਦੇ ਹਨ ਤੇ ਫਿਰ ਆਪੇ ਦੋ-ਹੱਥੜਾ ਮਾਰ ਮਾਰ ਪਿਟਦੇ ਹਨ।

ਆ ਮਿੱਤਰਾ! ਕਚਹਿਰੀਓ ਵਿਹਲਾ ਹੋ ਆਇਆ ਏਂ? ਗਵਾਹ ਚੰਗੇ ਭੁਗਤੇ? ਖੀਸਾ ਹੌਲਾ ਹੌਲਾ ਕਿਉਂ ਜਾਪਦਾ ਹੈ? (ਸਬਰ ਕਰ ਗੱਲ ਤਾਂ ਪੁਛਣ ਦਿਹ) ਕੀ ਵੱਡੀ ਦੁਕਾਨ ਬੰਦ ਸੀ ਜੋ ਏਧਰ ਆ ਨਿਕਲਿਓਂ? ਉਫ! ਨਿਰਾਸਤਾ! ਰਕਮ ਵੀ ਭੰਗ ਦੇ ਭਾੜੇ ਗਈ, ਗਵਾਹ ਵੀ ਉਲਟੇ ਲੱਗੇ। ਇਕ ਜ਼ਮੀਨ ਦੇ ਇੰਤਕਾਲ ਨੇ ਤੇਰੀ ਮਹੀਨਿਆਂ ਦੀ ਕਮਾਈ ਰੋੜ੍ਹ ਦਿੱਤੀ ਹੈ ਤੇ ਅਜੇ ਪਤਾ ਨਹੀਂ ਇਹ ਬੋਤਲ ਕੀ ਕੀ ਚੰਨ ਚਾੜ੍ਹੇ। ਕਿੰਨੇ ਆਦਮੀ ਇਸ ਬੋਤਲ ਵਿਚ ਡੁੱਬ ਗਏ। ਕਿੰਨੇ ਇਸ ਅਥਾਹ ਸਾਗਰ ਵਿਚ ਗੋਤਾ ਖਾ ਕੇ ਗਰਕ ਹੋ ਗਏ! ਕਿੰਨੇ ਇਸ ਘੁੰਮਣ-ਘੇਰੀ ਵਿਚ ਫਸ ਕੇ ਮੁੜ ਪਾਰ ਨਾ ਲਗੇ! ਇਸ ਦਾ ਜ਼ੁੰਮੇਂਵਾਰ ਕੌਣ ਹੈ? ਤੂੰ . . . ਤੂੰ......ਤੂੰ।

ਜਿਸ ਵੇਲੇ ਤੇਰੇ ਬੱਚਿਆਂ ਤੇ ਤੇਰੀ ਵਿਚਾਰੀ ਘਰ ਵਾਲੀ ਦਾ ਮੈਨੂੰ ਚੇਤਾ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਸਾਉਣ ਭਾਦੋਂ ਦੇ ਬਦਲਾਂ ਵਾਂਗ ਝੜੀਆਂ ਲਾ ਦੇਂਦੀਆਂ ਹਨ। ਜੇ ਤੂੰ ਮੇਰੇ ਅੰਦਰ ਝਾਤੀ ਪਾ ਕੇ ਵੇਖਣ ਦੀ ਹਿੰਮਤ ਰਖਦਾ ਹੈਂ ਤਾਂ ਵੇਖ, ਦਿਲ ਤੋਂ ਅੱਖਾਂ ਤੀਕ ਕਿਸ ਤਰ੍ਹਾਂ ਹੰਝੂਆਂ ਦਾ ਸਾਗਰ ਠਾਠਾਂ ਮਾਰ ਰਿਹਾ ਹੈ!

ਆ ਮਿੱਤਰਾ! ਆਪਣੀ ਤ੍ਰੇਹ ਨੂੰ ਦੂਰ ਕਰ। ਵੇਖ, ਕਿੰਨਾ ਮਿੱਠਾ ਤੇ ਸਾਫ ਪਾਣੀ ਹੈ। ਇਹਤੋਂ ਚੰਗਾ ਤੂੰ ਅੱਗੇ ਕਿੱਥੇ ਡਿੱਠਾ? ਜੋੜਾ ਲਾਹ, ਬਾਹਵਾਂ ਉਤਾਂਹ ਟੰਗ ਅਤੇ ਮੂੰਹ ਹੱਥ ਧੋ। ਪਾਣੀ ਪੀ ਤੇ ਆਨੰਦ ਮਾਣ। ਵੇਖ ਪਾਣੀ ਪੀਂਦਿਆਂ ਥਕੇਵਾਂ ਕੋਹਾਂ ਦੂਰ ਨਸਦਾ ਹੈ ਕਿ ਨਹੀਂ? ਹੁਣ ਰਤਾ ਅਰਾਮ ਕਰ ਤੇ ਸ਼ਰਾਬ ਦੇ

੭੩