ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਗੁਣਾਂ ਦੇ ਟਾਕਰੇ ਉਤੇ ਮੇਰੇ ਗੁਣਾਂ ਨੂੰ ਗਹੁ ਨਾਲ ਵਿਚਾਰ। ਰਤਾ ਇਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ ਆਪਣੇ ਦਿਲ ਦੀ ਲਗੀ ਬੁਝਾ ਲੈਣ ਦਿਹ।

ਵੇਖ, ਔਲੂ ਵਿਚ ਪਾਣੀ ਕਿਸ ਤਰ੍ਹਾਂ ਥੱਲੇ ਹੁੰਦਾ ਜਾਂਦਾ ਹੈ। ਖੋਤਾ ਚਿਰਾਂ ਦਾ ਤਿਹਾਇਆ ਮਾਲੂਮ ਹੁੰਦਾ ਹੈ। ਹੁਣ ਪਾਣੀ ਪੀ ਕੇ ਮੇਰੀ ਵੱਲ ਤਕਦਾ ਹੈ ਅਤੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਹਾਂ ਭਾਈ ਤੂੰ ਪਸ਼ੂ ਹੈਂ। ਸ਼ੁਕਰ ਕਰ ਕਿ ਤੂੰ ਬੰਦਾ ਨਹੀਂ। ਆਪਣੇ ਮਾਲਕ ਦਾ ਭਾਰ ਢੋਅ ਕੇ ਕੇਵਲ ਆਪਣੇ ਚਾਰੇ ਅਤੇ ਪਾਣੀ ਉਤੇ ਸਬਰ ਕਰਦਾ ਹੈਂ। ਤੈਨੂੰ ਖੋਤਾ ਕਹਿੰਦਿਆਂ ਮੈਨੂੰ ਤਾਂ ਸ਼ਰਮ ਆਉਂਦੀ ਹੈ। ਹੁਣ ਜਦੋਂ ਪਾਣੀ ਪੀ ਕੇ ਤੂੰ ਸਿਰ ਉੱਚਾ ਕਰਕੇ ਉਸ ਅਰਸ਼ੀ ਪ੍ਰੀਤਮ ਦਾ ਸ਼ੁਕਰ ਕਰਦਾ ਹੈਂ ਅਤੇ ਆਪਣੇ ਮਾਲਕ ਵੱਲ ਪਾਰਖੂ ਸਿਰ ਨਾਲ ਸਿਜਦੇ ਕਰਦਾ ਹੈਂ ਤਾਂ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਸੰਸਾਰ ਵਿਚ ਮੈਨੂੰ ਇਕ ਤਾਂ ਰੱਬ ਨੂੰ ਪਛਾਨਣ ਵਾਲਾ ਲੱਭਾ ਹੈ! ਜਦ ਤੂੰ ਆਪਣੇ ਸਿਆਣੇ ਕੰਨਾਂ ਨੂੰ ਇਧਰ ਉਧਰ ਹਿਲਾਉਂਦਾ ਹੈਂ, ਤਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤੂੰ ਅਕਲ ਦੇ ਦਫ਼ਤਰ ਦੀਆਂ ਫ਼ਾਈਲਾਂ ਫੋਲਦਾ ਮੇਰੇ ਪਾਣੀ, ਮੇਰੇ ਠੰਢੇ ਤੇ ਮਿੱਠੇ ਪਾਣੀ ਦੇ ਗੁਣਾਂ ਉਤੇ ਵਿਚਾਰ ਕਰਦਾ ਹੈਂ। ਉਸ ਵੇਲੇ ਮੈਂ ਖੁਸ਼ੀ ਵਿਚ ਮੌਲਦਾ ਹਾਂ। ਹੁਣ ਜ਼ਰਾ ਲੱਕ ਸਿੱਧਾ ਕਰਨ ਵਾਸਤੇ ਪਰੇ ਹੋ ਕੇ ਲੇਟ ਜਾ।

ਔਹ ਵੇਖੋ, ਮੇਰਾ ਨਿੱਕਾ ਜਿਹਾ ਦੋਸਤ ਸਕੂਲੋਂ ਛੁੱਟੀ ਹੋਣ ਤੇ ਆ ਰਿਹਾ ਹੈ। ਕਿਡਾ ਹਸੂੰ-ਹਸੂੰ ਕਰਦਾ ਚਿਹਰਾ ਹੈ! ਬਸਤਾ ਕੱਛ ਵਿਚ ਹੈ। ਏਧਰ ਆ ਮਿੱਤਰਾ, ਬਸਤਾ ਮੇਰੇ ਮੋਢੇ ਤੇ ਰੱਖ ਦੇ! ਸ਼ਾਲਾ ਮੇਰੇ ਹੱਥ ਹੁੰਦੇ ਤਾਂ ਮੈਂ ਆਪਣੇ ਹੱਥਾਂ ਨਾਲ ਇਸ ਚੰਨ ਵਰਗੇ ਮੁਖੜੇ ਨੂੰ ਧੋਂਦਾ। ਤੇਰੇ ਨਿੱਕੇ ਬੁਕ ਵਿਚ ਕਿੰਨਾ ਕੁ ਪਾਣੀ ਆ ਜਾਊ ਅਤੇ ਕਿੰਨਾ ਚਿਰ ਤੂੰ ਪਾਣੀ ਪੀਂਦਾ ਰਹੇਂਗਾ! ਇਉਂ ਨਾ ਕਰ। ਮੇਰੇ ਢਿਡ ਤੋਂ ਲੋਹੇ ਦਾ ਪਿਆਲਾ ਲਾਹ, ਸੰਗਲੀ ਖੋਲ੍ਹ ਤੇ ਪਿਆਲੇ ਨੂੰ ਮੇਰੇ ਨੱਕ ਥਲੇ ਕਰ। ਲੈ ਹੁਣ ਆਉਂਦਾ ਹੈ ਪਾਣੀ। ਚੰਗੀ ਤਰ੍ਹਾਂ ਮੂੰਹ ਧੋ ਕੇ ਰੱਜ ਕੇ ਪੀ। ਕਿਸ ਤਰ੍ਹਾਂ ਦਾ ਸਾਫ ਪਾਣੀ ਹੈ। ਤੇਰੇ ਭੋਲੇ ਭਾਲੇ ਚਿਹਰੇ ਤੇ ਰੱਬੀ ਨੂਰ ਲਿਸ਼ਕਦਾ ਹੈ। ਜੇ ਕਿਤੇ ਮੇਰੀਆਂ ਬਾਹਾਂ ਹੁੰਦੀਆਂ ਤਾਂ ਮੈਂ ਤੈਨੂੰ ਘੁਟ ਕੇ ਗਲਵਕੜੀ ਪਾਉਂਦਾ। ਮੌਜਾਂ ਮਾਣ, ਬੁੱਲ੍ਹੇ ਲੁੱਟ, ਆਦਮੀ ਦੇ ਬੱਚੇ! ਤੇਰਾ ਖਿੜਿਆ ਹੋਇਆ ਚਿਹਰਾ ਦੱਸਦਾ ਹੈ ਕਿ ਤੇਰਾ ਮੂੰਹ ਸ਼ਰਾਬ ਪੀਣ ਜੋਗਾ ਨਹੀਂ ਬਣਿਆ। ਤੈਨੂੰ ਇਸ ਸਾਫ ਪਾਣੀ ਦੀ ਸਹੁੰ

੭੪