ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਬਚਨ ਦਿਹ ਕਿ ਕਦੇ ਵੀ ਇਨ੍ਹਾਂ ਮਾਸੂਮ ਬੁਲ੍ਹਾਂ ਨੂੰ ਅੰਗੂਰੀ ਸ਼ਰਾਬ ਨਾਲ ਪਲੀਤ ਨਾ ਕਰੇਂਗਾ। ਤੇਰੀ "ਹਾਂ" ਉਤੇ ਅਰਸ਼ਾਂ ਵਿਚੋਂ ਵੀ "ਇਸੇ ਤਰ੍ਹਾਂ ਹੋਵੇ" ਦੀ ਆਵਾਜ਼ ਆਉਂਦੀ ਹੈ। ਤੈਨੂੰ ਕੀ ਪਤਾ, ਤੇਰੇ ਰਾਹ ਵਿਚ ਕਿੰਨੀਆਂ ਕੁ ਫਾਹੀਆਂ ਹਨ। ਕੀ ਇਹ ਸ਼ਰਾਬ ਖਾਨਾ-ਖਰਾਬ ਤੈਨੂੰ ਭੀ ਆਪਣੀ ਘੁੰਮਣ ਘ੍ਹੇਰੀ ਵਿਚ ਫਸਾ ਕੇ ਕਲਪਾਏਗੀ? ਨਹੀਂ ਨਹੀਂ। ਚੰਗਾ ਸਤਿ ਸ੍ਰੀ ਅਕਾਲ! ਮੇਰੀਆਂ ਆਸਾਂ ਦੇ ਨਿੱਕੇ ਜਿਹੇ ਬੂਟੇ! ਜਾਹ, ਸੰਸਾਰ ਵਿਚ ਵਧ ਤੇ ਫੁੱਲ।

ਔਹ ਇਕ ਸਿੰਘ ਸਰਦਾਰ ਹੁਰੀਂ ਆ ਰਹੇ ਹਨ! ਦਾੜ੍ਹੀ ਸਫ਼ਾ-ਚੱਟ ਅਤੇ ਨਾਂ ਦੇ ਸਿੰਘ! (ਉਸ ਦੀਆਂ ਲਾਲ ਅੱਖਾਂ ਵਿਚੋਂ ਸ਼ਰਾਬ ਦੀ ਝਲਕ ਪੈ ਰਹੀ ਹੈ)। ਜੀ ਆਇਆਂ ਨੂੰ! ਭਰਾਵਾ! ਆ, ਵੇਖ ਅੱਗ ਪਈ ਵਰ੍ਹਦੀ ਹੈ, ਕੋਈ ਜਨੌਰ ਤੀਕ ਵੀ ਨਹੀਂ ਦਿਸਦਾ। ਏਨੇ ਚਿਰਾਕੇ ਦਰਸ਼ਨ? ਕਦੇ ਕਦੇ ਭੁਲ ਚੁਕ ਕੇ ਹੀ ਫੇਰਾ ਪਾ ਜਾਇਆ ਕਰ! ਆਹ! ਇਹ ਜਵਾਨੀ ਤੇ ਸੁਹੱਪਣ! ਤੇ ਉਸ ਉਤੇ ਸ਼ਰਾਬ ਦਾ ਰੰਗ! ਹੇ ਭਾਰਤ! ਮੇਰੇ ਵਰਗੇ ਸੇਵਾਦਾਰਾਂ ਨੂੰ ਠੁਕਰਾਉਣ ਵਾਲੇ ਭਾਰਤ! ਪੁਰਾਣੇ ਕਾਰਨਾਮਿਆਂ ਦੀ ਪੱਟੀ ਮੇਸ ਦੇਣ ਵਾਲੇ ਭਾਰਤ! ਤੈਨੂੰ ਕੀ ਖ਼ਬਰ ਹੈ ਕਿ ਕਿੰਨ੍ਹਾਂ ਜਿੰਨ੍ਹਾਂ ਸੂਰਬੀਰਾਂ ਦੀਆਂ ਹੱਡੀਆਂ ਤੇਰੀ ਛਾਤੀ ਉਤੇ ਖਿਲਰੀਆਂ ਪਈਆਂ ਹਨ? ਕਿੰਨ੍ਹਾਂ ਕਿੰਨ੍ਹਾਂ ਦੀ ਸੁਆਹ ਤੇਰੇ ਮੱਥੇ ਦੀ ਸ਼ਾਨ ਹੈ? ਤੇਰੇ ਇਸ ਅਨਪੜ੍ਹ ਬੇਸਮਝ ਵਾਸੀ ਦੀ ਇਸ ਕਰਤੂਤ ਦੇ ਕਾਰਣ ਉਹਨਾਂ ਹੱਡੀਆਂ ਅਤੇ ਸੁਆਹ ਨੂੰ ਕਿੰਨਾ ਦੁਖ ਹੋ ਰਿਹਾ ਹੋਣਾ ਹੈ? ਗੰਗਾ ਜੀ ਦੇ ਪੇਟ ਵਿਚ ਰਿਸ਼ੀਆਂ ਮੁਨੀਆਂ ਦੀਆਂ ਪਾਕ ਤੇ ਪਵਿੱਤਰ ਹੱਡੀਆਂ ਦੇ ਢੇਰ ਸ਼ਰਮ ਦੀ ਅੱਗ ਵਿਚ ਸੜਦੇ ਹੋਣਗੇ।

ਆ ਭਲਿਆ ਜਵਾਨਾ ਆ। ਤੇਰਾ ਆਉਣਾ ਸਿਰ ਮੱਥੇ ਉਤੇ! ਜੇ ਆਪਣਾ ਅੰਤ ਜਾਣਦੇਂ ਕਿ ਕਿਸ ਤਰ੍ਹਾਂ ਤੇ ਆਪਣੇ ਦੇਸ਼ ਦੇ ਨੱਕ ਨਮੂਜ ਅਤੇ ਆਚਰਣ ਨੂੰ ਇਕ ਪਿਆਲੇ ਦੇ ਬਦਲੇ ਵੇਚ ਰਿਹਾ ਹੈਂ, ਤਾਂ ਤੂੰ ਸ਼ਰਮ ਦਾ ਮਾਰਿਆ ਜ਼ਮੀਨ ਵਿਚ ਗਰਕ ਹੋ ਜਾਂਦੇ। ਕੀ ਪਿਆ ਹੈ ਸ਼ਰਾਬ ਵਿਚ? ਇਹ ਨਸ਼ਾ ਜਿਸ ਵਿਚ ਹਜ਼ਾਰ ਬਕੜਵਾਹ ਦੇ ਬਦਲੇ ਲੋਕਾਂ ਦੀ ਘਿਰਣਾ ਮੁਲ ਲੈਂਦਾ ਹੈਂ, ਕੀ ਨਫ਼ਾ ਦੇਵੇਗੀ? ਇਹ ਜ਼ਹਿਰੀਲੀ ਖੁਸ਼ੀ ਜੋ ਕਈ ਦਿਲ ਸਾੜੂ ਹੌਂਕਿਆਂ ਪਿਛੋਂ ਮਿਲਦੀ ਹੈ, ਇਸ ਦਾ ਕੀ ਲਾਭ? ਆਪਣੇ ਗਾੜ੍ਹੇ ਪਸੀਨੇ ਦੀ ਕਮਾਈ ਮੂਰਖਪੁਣੇ ਅਤੇ ਬੇਸਮਝੀ ਦੇ ਕਾਰਨ ਗੁਆਂਦਾ ਹੈਂ, ਇਸ ਵਿਚ ਕਿਹੜਾ ਲਾਭ ਵੇਖਦਾ ਹੈਂ? ਆ! ਬਾਜ਼ ਆ! ਇਸ ਰਸਤੇ ਵਿਚ ਤੈਨੂੰ ਨਿਤ ਦੀ ਭਿਛਿਆ ਮੰਗਣ ਲਈ ਵੀ ਮਾਇਆ ਦੀ ਲੋੜ ਹੈ,

੭੫