ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਰੀਬੀ ਤੇ ਦੁਰੇ ਦੁਰੇ ਹਾਸਲ ਕਰਨ ਵਾਸਤੇ ਭੀ ਲੱਖਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਹਨ।

‘ਸ਼ਰਾਬ'! ਇਸ ਦਾ ਨਾਂ ਲੈਂਦਿਆਂ ਮੇਰਾ ਲੋਹੇ ਦਾ ਜੁੱਸਾ ਵੀ ਕੰਬ ਉਠਦਾ ਹੈ। ਮੈਂ ਬੜੇ ਸਾਲਾਂ ਤੋਂ ਇਸ ਥਾਂ ਇਕ ਲੱਤ ਦੇ ਭਾਰ ਖੜਾ ਹਾਂ। ਪਹਿਲਾਂ ਕਦੇ ਵੀ ਮੈਂ ਅੱਜਕੱਲ ਜਿੰਨੀ ਸ਼ਰਾਬ ਵਿਕਦੀ ਨਹੀਂ ਸੀ ਡਿਠੀ। ਕਿਉਂ ਸੰਗਦਾ ਹੈਂ? ਆ, ਠੰਡਾ ਤੇ ਮਿੱਠਾ ਪਾਣੀ ਪੀ ਕੇ ਆਪਣੇ ਤਪੇ ਹੋਏ ਦਿਲ ਨੂੰ ਠਾਰ। ਇਥੇ ਸ਼ਰਮ ਦੀ ਕਿਹੜੀ ਗੱਲ? ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਥੇ ਕਿਸੇ ਭੜੂਏ ਦਾ ਡਰ ਨਹੀਂ। ਬਿਨਾਂ ਪੈਸਿਆਂ ਤੇ ਸੌਦਾ ਤੇ ਫੇਰ ਏਨਾ ਸੰਕੋਚ! ਰੱਬਾ! ਮੁਫ਼ਤ ਚੀਜ਼ ਦੀ ਏਨੀ ਬੇਕਦਰੀ! ਪਰਮਾਤਮਾ! ਜੇ ਹਰ ਰੁਤੇ ਚੰਬੇ ਮੋਤੀਏ ਜਾਂ ਗੁਲਾਬ ਦੇ ਖਿੜਨ ਤੋਂ ਪਹਿਲਾਂ ਤੂੰ ਢੰਡੋਰਾ ਪਿਟ ਦਿਆ ਕਰੇਂ ਕਿ ਫਲਾਣੇ ਵੇਲੇ ਫ਼ਲਾਣੀ ਕਿਸਮ ਦੇ ਫੁੱਲ ਪੈਦਾ ਹੋਣਗੇ ਤਾਂ ਆਸ ਹੈ ਕਿ ਸਾਰੀ ਲੁਕਾਈ ਹਸਦੀ ਖੇਡਦੀ ਸ਼ਹਿਰ ਨੂੰ ਛੱਡ ਬਾਗਾਂ ਵਿਚ ਜਾ ਡੇਰੇ ਲਾਵੇ ਅਤੇ ਕੁਦਰਤੀ ਨਜ਼ਾਰਿਆਂ ਪਿਛੇ ਹਰ ਜੰਗਲ ਅਤੇ ਬਾਗ ਨੂੰ ਗਾਹ ਛੱਡੇ। ਜੇ ਤੂੰ ਪਾਣੀ ਦੀ ਕੀਮਤ ਰਖਦੋਂ ਤਾਂ ਇਸ ਦੀ ਕਦਰ ਵੀ ਸ਼ਰਾਬ ਵਾਂਗ ਹੁੰਦੀ। ਸੁਨਣ ਵਿਚ ਆਇਆ ਹੈ ਕਿ ਪੈਰਸ ਵਿਚ, ਜਿਥੇ ਸ਼ਰਾਬ ਵਧੇਰੇ ਵਿਕਦੀ ਹੈ ਪਾਣੀ ਉਪਰ ਵੀ ਟੈਕਸ ਲਾਇਆ ਗਿਆ ਹੈ ਤਾਂ ਜੋ ਐਸ਼ ਲੁਟਣ ਵਾਲੇ ਇਸ ਦਾਤ ਦੀ ਕਦਰ ਕਰਨ।

ਹੇ ਨਸ਼ੇ ਵਿਚ ਖੀਵੇ ਲੋਕੋ! ਹੋਸ਼ ਕਰੋ, ਸੰਭਲੋ। ਹਾਲਾਂ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਸ ਮਾਲਕ ਦੇ ਕਰੜੇ ਡੰਨ ਤੋਂ ਪਹਿਲਾਂ ਹੀ ਇਸ ਕੁਦਰਤੀ ਲਹਿਰ ਦੇ ਅੱਗੇ ਸਿਰ ਨਿਵਾਓ ਅਤੇ ਮੇਰੀ ਜਿਨਸ ਦੀ ਕਦਰ ਕਰੋ।

੭੬