ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੀਤਮ ਸਿੰਘ ਦਾ ਸੁਭਾਅ

ਮੇਰਾ ਸੁਭਅ ਪ੍ਰਮਾਤਮਾ ਨੇ ਕੁਝ ਅਜੇਹਾ ਬਣਾਇਆ ਹੈ ਕਿ ਜਿਸ ਲਾਈ ਗੱਲੀਂ ਉਸੇ ਨਾਲ ਉਠ ਚੱਲੀ। ਮੈਂ ਜਣੇ ਖਣੇ ਨਾਲ ਜਾਣ ਪਛਾਣ ਕਰ ਲੈਂਦਾ ਹਾਂ। ਬਹੁਤ ਕਰਕੇ ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਬਹੁਤਿਆਂ ਨੂੰ ਪਿਆਰ ਕਰਦੇ ਹੋਣ, ਉਹ ਕਿਸੇ ਇਕ ਨੂੰ ਸੱਚੇ ਦਿਲੋਂ ਪਿਆਰ ਨਹੀਂ ਕਰ ਸਕਦੇ। ਅੰਗਰੇਜ਼ੀ ਦਾ ਇਕ ਉੱਘਾ ਲਿਖਾਰੀ ਲਿਖਦਾ ਹੈ,'ਬਹੁਤਿਆਂ ਦਾ ਜਾਣੂ ਕਿਸੇ ਇਕ ਨਾਲ ਗੂੜਾ ਪਿਆਰ ਨਹੀਂ ਕਰ ਸਕਦਾ।' ਮੇਰੇ ਇਨ੍ਹਾਂ ਜਾਣੂਆਂ ਵਿਚੋਂ ਇਕ ਸਰਦਾਰ ਪ੍ਰੀਤਮ ਸਿੰਘ ਸੀ। ਉਸ ਦਾ ਸੁਭਾਅ ਮਾਲਕ ਨੇ ਕੁਝ ਅਨੋਖਾ ਜਿਹਾ ਬਣਾਇਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਉਹ ਸਦਾ ਆਪਣਾ ਆਪ ਲੁਕਾਉਂਦਾ ਹੀ ਰਹਿੰਦਾ ਸੀ। ਕਈ ਦੁਖੀ ਉਸ ਕੋਲ ਆਵੇ ਤਾਂ ਲੋਕਾਂ ਸਾਹਮਣੇ ਉਸ ਨੂੰ ਗਾਲ੍ਹਾਂਕੱਢਦਾ, ਬੁਰਾ ਭਲਾ ਕਹਿੰਦਾ, ਪਰ ਉਸ ਦੀ ਮਦਦ ਭੀ ਜ਼ਰੂਰ ਕਰਦਾ, ਉਸ ਨਾਲ ਦੁੱਖ ਵੰਡਾਉਂਦਾ, ਪਰ ਚੋਰੀ ਚੋਰੀ। ਦਿਲ ਵਿਚ ਭਾਵੇਂ ਉਹਨੂੰ ਤਰਸ ਆ ਰਿਹਾ ਹੋਵੇ, ਪਰ ਮੂੰਹੋਂ ਦੁਖੀਏ ਨੂੰ ਗਾਲ੍ਹਾਂ ਕੱਢਣੋਂ ਭੀ ਨਾ ਟਲਦਾ। ਦਾਨੀ ਬੜਾ ਸੀ, ਪਰ ਲੁਕਵਾਂ। ਜਿਸ ਸੁਸਾਇਟੀ, ਸਭਾ ਜਾਂ ਆਸ਼ਰਮ ਨੂੰ ਦਾਨ ਦੇਂਦਾ, ਪਹਿਲਾਂ ਇਹ ਸ਼ਰਤ ਮਨਾ ਲੈਂਦਾ ਕਿ ਉਸ ਦਾ ਨਾਂ ਅਖ਼ਬਾਰ ਵਿਚ ਨਹੀਂ ਦਿੱਤਾ ਜਾਵੇਗਾ। ਜਿਥੇ ਲੋਕ ਉਸ ਨੂੰ ਜਾਣਦੇ ਨਾ, ਉਥੇ ਉਹ ਆਪਣਾ ਨਾਂ ਵੀ ਨਾ ਦੱਸਦਾ।

ਉਸ ਨੂੰ ਵੀਣੀ ਨਾਲ ਘੜੀ ਰੱਖਣ ਦਾ ਬੜਾ ਚਾਉ ਸੀ। ਉਸ ਦੀ ਘੜੀ ਵੀਣੀ ਤੋਂ ਚਾਰ ਉਂਗਲਾ ਦੀ ਵਿਥ ਤੇ ਹੁੰਦੀ, ਜੋ ਕੋਈ ਵੇਖ ਨਾ ਲਵੇ। ਵਕਤ ਵੇਖਣ ਲਈ ਉਹ ਚੋਰੀ ਚੋਰੀ ਘੜੀ ਨੰਗੀ ਕਰਦਾ ਤੇ ਵਕਤ ਵੇਖ ਕੇ ਮੁੜ ਕੱਜ ਲੈਂਦਾ। ਜੇ ਘੜੀ ਉਸ ਦੀ ਜੇਬ ਵਿਚ ਹੁੰਦੀ, ਤਾਂ ਉਹ ਕਦੇ ਘੜੀ ਬਾਹਰ ਨਾ ਕੱਢਦਾ, ਸਗੋਂ ਆਪਣਾ ਮੂੰਹ ਜੇਬ ਵਿਚ ਪਾ ਵਕਤ ਵੇਖ ਲੈਂਦਾ। ਅੱਜ ਕਲ੍ਹ ਦੇ ਲੋਕੀਂ ਘੜੀਆਂ ਵਿਖਾਣ ਲਈ ਕੁੜਤਿਆਂ ਦੀਆਂ ਬਾਹਾਂ ਟੰਗੀ ਫਿਰਦੇ ਹਨ। ਸਿਰ

੭੭