ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਆਦ ਆਉਂਦਾ ਹੈ। ਖਬਰੇ ਲੋਕੀਂ ਕਿਉਂ ਐਨੇ ਪੈਸੇ ਖ਼ਰਚ ਕੇ ਐਡੀ ਐਡੀ ਦੂਰੋਂ ਭੱਜੇ ਆਉਂਦੇ ਹਨ। ਕਈਆਂ ਨੂੰ ਆ ਕੇ ਮੱਥਾ ਟੇਕਣਾ ਵੀ ਨਸੀਬ ਨਹੀਂ ਹੁੰਦਾ। ਕਈ ਭਲੇਮਾਣਸ ਇਨ੍ਹਾਂ ਪਵਿੱਤਰ ਥਾਵਾਂ ਤੇ ਆ ਕੇ ਸ਼ਰਾਬਾਂ ਪੀਂਦੇ ਹਨ, ਬਦਮਾਸ਼ੀਆਂ ਕਰਦੇ ਹਨ। ਚੋਰਾਂ ਲਈ ਵੀ ਨਾਦਰਸ਼ਾਹੀ ਲੁੱਟ ਦਾ ਸਮਾਂ ਇਹੋ ਹੁੰਦਾ ਹੈ। ਇਹਦੇ ਨਾਲੋਂ ਉਹ ਅੱਗੇ ਪਿੱਛੇ ਕਿਉਂ ਨਹੀਂ ਆਉਂਦੇ ਕਿ ਸੁਖ ਅਰਾਮ ਨਾਲ ਦਰਸ਼ਨ ਕਰਨ, ਭੀੜ ਭੜੱਕੇ ਤੇ ਧੱਕੇ ਧੋੜੇ ਤੋਂ ਬਚਣ, ਇਸ਼ਨਾਨ ਕਰ ਖੁਸ਼ੀ ਖੁਸ਼ੀ ਘਰ ਜਾਣ। ਨਾ ਕੋਈ ਚੋਰੀ ਹੋਵੇ ਨਾ ਖੀਸੇ ਕੱਟੇ ਜਾਣ ਤੇ ਨਾ ਭੀੜ ਭੜੱਕੇ ਵਿਚ ਬਾਲ ਬੱਚੇ ਮਰਨ ਜਾਂ ਗੁੰਮ ਹੋ ਜਾਣ। ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਤੇ ਭੀੜ ਹਟੀ ਤਾਂ ਮੱਥਾ ਟੇਕਣ ਜਾਣਾ ਏ, ਭਾਵੇਂ ਰਾਤ ਹੀ ਪੈ ਜਾਵੇ।" ਪਲ ਕੁ ਚੁੱਪ ਕਰ ਕੇ ਉਹ ਫੇਰ ਬੋਲਿਆ, 'ਹੋਰ ਦੇਖੋ: ਇਹ ਲੋਕੀਂ ਬਾਲ ਬੱਚੇ ਤੇ ਜ਼ਨਾਨੀਆਂ ਨੂੰ ਭੀ ਨਾਲ ਲੈ ਜਾਂਦੇ ਹਨ। ਉਹ ਉਥੇ ਕਿੱਡੇ ਕੁ ਔਖੇ ਹੁੰਦੇ ਹੋਣਗੇ! ਗੱਡੀ ਵਿਚ ਕਿੰਨੀ ਭੀੜ ਹੈ!"

ਮੈਨੂੰ ਇਹ ਗੱਲ ਸੁਣਦਿਆਂ ਹੀ ਖੁੜਕ ਗਈ। ਉਹ ਗੋਹਲਵੜ ਵਰਪਾਲ ਦੇ ਸਟੇਸ਼ਨ ਤੇ ਉਤਰਿਆ। ਮੈਂ ਦੇਖਦਾ ਰਿਹਾ। ਉਹ ਪਿੱਛੇ ਇਕ ਜ਼ਨਾਨਾ ਡੱਬੇ ਵੱਲ ਗਿਆ ਤੇ ਉਥੇ ਆਪਣੇ ਇਕ ਬੱਚੇ ਨੂੰ ਕੁਝ ਫਲ ਮੁੱਲ ਲੈ ਕੇ ਦੇ ਆਇਆ। ਉਸ ਦੇ ਮੁੜ ਕੇ ਪੁੱਜਣ ਤੋਂ ਪਹਿਲਾਂ ਹੀ ਮੈਂ ਆਪਣੀ ਥਾਂ ਤੇ ਮੋਕਲਾ ਹੋ ਕੇ ਬਹਿ ਗਿਆ, ਜਿਵੇਂ ਕਿ ਮੈਂ ਉਹਨੂੰ ਦੇਖਿਆ ਹੀ ਨਹੀਂ ਹੁੰਦਾ। ਆਉਂਦਿਆਂ ਉਸ ਫੇਰ ਉਹੋ ਚੱਕੀ ਝੋ ਦਿੱਤੀ———"ਹੇ ਰੱਬਾ ਦੇਖੋ ਜੀ ਕਿੰਨੀ ਭੀੜ ਹੈ! ਕਿਤੇ ਤਿਲ ਸਿੱਟਿਆਂ ਭੁੰਜੇ ਨਹੀਂ ਪੈਂਦਾ। ਲੋਕੀਂ ਬਾਹਰ ਲਮਕੇ ਪਏ ਹਨ ਤੇ ਕਈ ਉਤਾਂਹ ਗੱਡੀ ਦੀ ਛੱਤ ਤੇ ਚੜ੍ਹੇ ਬੈਠੇ ਹਨ। ਮੈਂ ਸਾਰੀ ਗੱਡੀ ਫਿਰ ਆਇਆ ਹਾਂ। ਤੀਜੇ ਦਰਜੇ ਵਿਚ ਤਾਂ ਬੜਾ ਭੈੜਾ ਹਾਲ ਹੈ, ਅਜੇਹੀ ਭੀੜ ਵੇਲੇ ਜ਼ਨਾਨੀਆਂ ਨੂੰ ਨਾਲ ਲਿਆਉਣਾ ਕਿਧਰ ਦੀ ਸਿਆਣਪ ਹੈ?"

ਗੱਡੀ ਤੁਰ ਪਈ। ਪਤਾ ਨਹੀਂ ਇਹ ਚਰਚਾ ਅਜੇ ਕਦੋਂ ਕੁ ਮੁਕਣੀ ਸੀ ‘ਕਿ ਸਾਡੇ ਵਾਲੇ ਡੱਬੇ ਵਿਚ ਚਿਮਟਾ ਵੱਜਣਾ ਸ਼ੁਰੂ ਹੋ ਗਿਆ। ਇਹ ਇਕ ਫ਼ਕੀਰ ਮੁੰਡਾ ਸੀ, ਜੋ ਗਾ ਕੇ ਪੈਸੇ ਮੰਗਦਾ ਸੀ। ਉਸ ਗੀਤ ਮੁਕਾਇਆ, ਤੇ ਪੈਸਿਆਂ ਲਈਂ ਹੱਥ ਅੱਡੇ। ਪ੍ਰੀਤਮ ਸਿੰਘ ਕਦੀ ਮੇਰੇ ਵੱਲ ਤੇ ਕਦੀ ਉਸ ਵੱਲ ਤੱਕੇ। ਮੈਂ ਜਾਣ ਬੁਝ ਕੇ ਉਠਿਆ ਤੇ ਬਾਰੀ ਥਾਈਂ ਬਾਹਰ ਝਾਕਣ ਲੱਗ ਪਿਆ। ਮੈਂ ਚੌਰ-ਅੱਖੀਂ

੭੯