ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵੱਲ ਧਿਆਨ ਰੱਖਿਆ। ਪ੍ਰੀਤਮ ਸਿੰਘ ਨੇ ਮੇਰਾ ਧਿਆਨ ਬਾਹਰ ਜਾਣ ਕੇ ਉਸ ਨੂੰ ਇਕ ਚੁਆਨੀ ਦੇ ਦਿੱਤੀ ਤੇ ਫਿਰ ਅੱਗੇ ਵਾਂਗੂੰ ਗੁਸੈਲਾ ਮੂੰਹ ਬਣਾ ਕੇ ਬਹਿ ਗਿਆ। ਉਹ ਮੁੰਡਾ ਦੁੱਖ ਨਿਵਾਰਨ ਦੇ ਸਟੇਸ਼ਨ ਤੇ ਉਤਰ ਗਿਆ।

ਪ੍ਰੀਤਮ ਸਿੰਘ--ਇਨ੍ਹਾਂ ਮੁੰਡਿਆਂ ਨੂੰ ਕਦੇ ਕੁਝ ਨਹੀਂ ਦੇਣਾ ਚਾਹੀਦਾ। ਇਹ ਇੱਦਾਂ ਪੈਸੇ ਕੱਠੇ ਕਰ ਮਾਪਿਆਂ ਨੂੰ ਭੇਜਦੇ ਹਨ।
ਮੈਂ-ਤੇ ਜੇਹੜੇ ਯਤੀਮ ਹੋਣ?
ਪ੍ਰੀਤਮ ਸਿੰਘ-ਉਹ ਯਤੀਮਖਾਨੇ ਜਾਣ। ਉਥੇ ਰੋਟੀ ਕੱਪੜਾ ਮਿਲ ਜਾਂਦਾ ਏ! ਨਾਲੇ ਪੜ੍ਹਾਈ ਲਿਖਾਈ ਦਾ ਪ੍ਰਬੰਧ ਹੈ। ਇਹ ਮੁੰਡੇ ਗਿਲਤੀਆਂ ਬੰਨ੍ਹ ਕੇ ਆਪਣੇ ਆਪ ਨੂੰ ਸੰਤ ਤੇ ਯਤੀਮ ਦੱਸਦੇ ਹਨ। ਇਹ ਭਲੇਮਾਣਸ ਨਹੀਂ ਹੁੰਦੇ। ਇਨ੍ਹਾਂ ਕੋਲ ਪੈਸੇ ਚੋਖੇ ਆ ਜਾਂਦੇ ਹਨ। ਸਿਆਣਿਆਂ ਦੇ ਕਹਿਣ ਵਾਂਗੂੰ "ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾਂ", ਮਾਪੇ ਸਿਰ ਤੇ ਨਾ ਹੋਣ ਕਰਕੇ ਬੇਮੁਹਾਰੇ ਪਏ ਫਿਰਦੇ ਹਨ, ਤੇ ਕਈ ਖ਼ਰਾਬੀਆਂ ਕਰਦੇ ਹਨ। ਤਮਾਕੂ ਤੇ ਸਿਗਰਟ ਪੀਂਦੇ ਹਨ। ਜੂਆ ਖੇਡਦੇ ਤੇ ਸੱਟੇਬਾਜ਼ੀ ਕਰਦੇ ਹਨ। ਸ਼ਰਾਬ ਤੱਕ ਤੋਂ ਭੀ ਨਹੀਂ ਟਲਦੇ। ਇਹੋ ਜੇਹੇ ਕਈ ਖੀਸੇ ਕੱਟਦੇ ਫੜੇ ਗਏ ਹਨ।
ਇੰਨੇ ਨੂੰ ਗੱਡੀ ਤਰਨਤਾਰਨ ਪੁੱਜ ਗਈ। ਉਹ ਛੇਤੀ ਛੇਤੀ ਮੈਥੋਂ ਨਿਖੜ ਗਿਆ ਤੇ ਕਹਿਣ ਲੱਗਾ, "ਲੌਢੇ ਵੇਲੇ ਦੀ ਗੱਡੀ ਮੁੜ ਮਿਲਾਂਗੇ।" ਮੈਂ ਉਹਦਾ ਖਹਿੜਾ ਛੱਡਣ ਵਾਲਾ ਕਿੱਥੋਂ ਸਾਂ! ਉਸ ਦੀ ਅੱਖ ਬਚਾ ਮੈਂ ਉਹਨਾਂ ਦੇ ਪਿੱਛੇ ਤੁਰ ਪਿਆ। ਉਸ ਆਪਣੀ ਇਸਤਰੀ ਤੇ ਲੜਕਿਆਂ ਸਣੇ ਦਰਬਾਰ ਸਾਹਿਬ ਦਾ ਰਾਹ ਲਿਆ। ਮੈਂ ਭੀ ਪਿੱਛੇ ਸਾਂ। ਰਾਹ ਵਿਚ ਜੋ ਮੰਗਤਾ ਆਇਆ ਉਸ ਨੂੰ ਉਹ ਆਨਾ, ਦੁਆਨੀ, ਪੈਸਾ ਪੈਸਾ ਜ਼ਰੂਰ ਦੇਈ ਗਿਆ। ਜਿੱਥੇ ਉਹ ਇਸ਼ਨਾਨ ਕਰਨ ਬੈਠਾ, ਮੈਂ ਵੀ ਰਤਾ ਪਰੇਡੇ ਨਹਾਉਣ ਲੱਗ ਪਿਆ। ਉਸ ਦਾ ਟੱਬਰ ਪੌਣੇ ਵਿਚੋਂ ਇਸ਼ਨਾਨ ਕਰ ਆਇਆ ਤੇ ਉਹ ਭੀ ਨਹਾ ਬੈਠਾ। ਪ੍ਰਕਰਮਾ ਵਿਚ ਮੋਢੇ ਨਾਲ ਮੋਢਾ ਠਹਿਕਦਾ ਸੀ। ਉਹ ਸਣੇ ਟੱਬਰ ਭੀੜ ਵਿਚ ਗਿਆ ਤੇ ਦਰਸ਼ਨ ਕਰਨ ਨੂੰ ਅੰਦਰ ਜਾਣ ਲਈ ਧੱਕਮਧੱਕਾ ਕਰਨ ਲੱਗ ਪਿਆ। ਮੈਂ ਇਕ ਪਵਿੱਤਰ ਤੇ ਪੂਜਨੀਕ ਥਾਂ ਤੇ ਬੈਠਾ ਸਾਂ, ਪਰ ਹੱਸਣੋਂ ਰਹਿ ਨਾ ਸਕਿਆ, ਕਿ ਹੁਣੇ ਉਹ ਭੀੜ ਭੀੜ ਕਹਿ ਕੇ ਮੇਰੇ ਕੰਨ ਪਿਆ ਖਾਂਦਾ ਸੀ ਤੇ ਕਹਿੰਦਾ ਸੀ ਕਿ "ਭਾਵੇਂ ਰਾਤ ਪੈ ਜਾਏ ਭੀੜ ਹਟੀ

੮੦