ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਭਿਆਚਾਰਾਂ ਦਾ ਮੇਲ

ਹਿੰਦੁਸਤਾਨ ਵਿਚ ਜਾਤੀਆਂ ਦੀ ਪਰਸਪਰ ਸਾਂਝ-ਸੰਝਾਲੀ ਦਾ ਮਸਲਾ ਅਤਿਅੰਤ ਜ਼ਰੂਰੀ ਹੈ। ਬਤੌਰ ਕੌਮ ਦੇ ਅਸੀਂ ਓਨਾ ਚਿਰ ਅੱਗੇ ਨਹੀਂ ਵਧ ਸਕਦੇ ਨਹੀਂ ਨਹੀਂ, ਅਸੀਂ ਇਕ ਕੋਮ ਹੀ ਨਹੀਂ ਅਖਵਾ ਸਕਦੇ——ਜਿੰਨਾ ਚਿਰ ਇਥੋਂ ਦੀਆਂ ਮਜ਼੍ਹਬੀ ਬਰਾਦਰੀਆਂ ਵਿਚ ਦਿਲੀ ਮੇਲ ਨਹੀਂ ਹੋ ਜਾਂਦਾ। ਅਚਨਚੇਤ ਲੋੜ ਜਾਂ ਭੀੜ ਸਮੇਂ ਨਿਰੇ ਝਟ ਟਪਾਊ ਨੀਤਕ ਸਿਰਜੋੜ ਜਾਂ ਕਿਸੇ ਤੀਜੀ ਧਿਰ ਦੇ ਵਿਰੁੱਧ ਨਿਰੀਆਂ ਆਰਜ਼ੀ ਸੰਧੀਆਂ ਕਾਫ਼ੀ ਨਹੀਂ ਹਨ। ਦੁਵੱਲੀ ਸੁਭਾਵਾਂ ਦੇ ਪੇਉਂਦ ਦੀ ਲੋੜ ਹੈ, ਜਿਸ ਵਿਚੋਂ ਇਕ ਸਾਂਝੀ ਕੌਮੀਅਤ ਦਾ ਬੂਟਾ ਨਿਸਰੇ ਅਤੇ ਇਕੋ ਤਰ੍ਹਾਂ ਦਾ ਫਲ ਦੇਵੇ।

ਹੁਣ ਤਕ ਇਸ ਮਨੋਰਥ ਦੀ ਸਿਧੀ ਲਈ ਜਿਤਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਸਾਰੀਆਂ ਨਿਸਫਲ ਰਹੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਨ। ਇਕ ਤਾਂ ਮਹਾਤਮਾ ਗਾਂਧੀ ਦਾ ਜਤਨ ਸੀ, ਜੋ ‘ਖਿਲਾਫ਼ਤ ਲਹਿਰ' ਦੇ ਸਮੇਂ ਤਜਵੀਜ਼ ਕੀਤਾ ਗਿਆ। ਉਹ ਇਹ ਸੀ ਕਿ ਹਿੰਦੂ ਆਪਣੇ ਮੁਸਲਮਾਨ ਭਰਾਵਾਂ ਦਾ ਦਰਦ ਵੰਡਾਣ ਤੇ ਮੁਸਲਮਾਨ ਹਿੰਦੂਆਂ ਲਈ ਕਸ਼ਟ ਸਹਿਣ ਸਾਂਝੇ ਕਸ਼ਟ ਦੀ ਕੁਠਾਲੀ ਵਿਚ ਪੈ ਕੇ ਦੋਵੇਂ ਧਿਰਾਂ ਢਲ ਕੇ ਇਕ ਹੋ ਜਾਣਗੀਆਂ। ਇਸ ਤਜਰਬੇ ਲਈ ਇਕ ਦੋ ਗੱਲਾਂ ਦਾ ਹੋਣਾ ਜ਼ਰੂਰੀ ਹੈ ਜੋ ਏਸ ਵੇਲੇ ਮੌਜੂਦ ਨਹੀਂ। ਇਕ ਤਾਂ ਅਤਿਅੰਤ ਤੀਬਰ ਇੱਛਾ ਹੋਵੇ ਇਕ ਦੂਜੇ ਨਾਲ ਭਲਾ ਕਰਨ ਦੀ, ਅਤੇ ਦੂਜੀ ਇਕ ਆਦਰਸ਼ਕ ਬ੍ਰਿਤੀ ਹੋਵੇ ਜਿਸ ਨਾਲ ਦੂਜੇ ਧਿਰ ਦੇ ਹੱਕ ਆਪਣੇ ਹੱਕਾਂ ਦੇ ਬਰਾਬਰ ਦਿਸਣ। ਨਾਲੇ ਇਸ ਤਜਰਬੇ ਲਈ ਕਸ਼ਟ ਝਲਣ ਦੇ ਮੌਕੇ ਮਿਲਦੇ ਰਹਿਣ। ਪਰ ਹੋ ਸਕਦਾ ਹੈ ਕਿ ਹਾਲਾਤ ਹੀ ਐਸੇ ਹੋਣ ਕਿ ਇਹ ਮੌਕੇ ਮਿਲਣ ਹੀ ਨਾ, ਕਿਉਂਕਿ ਇਹ ਮੌਕੇ ਬਣਾਣਾ ਕਿਸੇ ਤੀਜੀ ਧਿਰ ਦੇ ਵਸ ਹੈ, ਜੋ ਸਿਆਣੀ ਤੇ ਚੇਤੰਨ ਹੋ ਸਕਦੀ ਹੈ। ਇਹ ਇਕ ਜਜ਼ਬਾਤੀ ਇਲਾਜ ਹੈ ਤੇ ਸਿਰਫ ਭੀੜਾਂ ਤੇ ਅਚਨਚੇਤੀ ਲੋੜਾਂ ਸਮੇਂ ਕੰਮ

੮੩