ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਜਲੂਸ ਦਾ ਵਕਤ ਹੀ ਐਸਾ ਰਖਣ ਕਿ ਉਸ ਵਕਤ ਨਮਾਜ਼ ਨਾ ਪੜ੍ਹੀ ਦੀ ਹੋਵੇ। ਮੈਂ ਤਾਂ ਜਦ ਮੁਸਲਮਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨਮਾਜ਼ ਪੜ੍ਹਦੇ ਦੇਖਦਾ ਹਾਂ ਤਾਂ ਮੇਰਾ ਦਿਲ ਧਾਰਮਕ ਹੁਲਾਰੇ ਵਿਚ ਆ ਜਾਂਦਾ ਹੈ ਅਤੇ ਸਿਰ ਅਦਬ ਨਾਲ ਝੁਕ ਜਾਂਦਾ ਹੈ। ਉਥੇ ਮੇਰੇ ਸੋਹਣੇ ਭਰਾ ਮੇਰੇ ਆਪਣੇ ਰੱਬ ਦੀਆਂ ਸੋਹਣੀਆਂ ਸਿਫਤਾਂ ਕਰ ਰਹੇ ਹੁੰਦੇ ਹਨ! ਉਥੇ ਮੇਰੇ ਦਿਲ ਨੂੰ ਖੁਲ੍ਹਾ ਕਰਨ ਲਈ ਦਸਮੇਸ਼ ਜੀ ਦੀ ਵੰਗਾਰ ਪੈਂਦੀ ਹੈ: "ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਹੀ, ਮਾਨਸ ਸਬੈ ਏਕ ਪੈ ਅਨੇਕ ਕੋ ਪ੍ਰਮਾਉ ਹੈ।"

ਤੀਜਾ ਇਕ ਹੋਰ ਉਪਾਅ ਹੈ ਜੋ ਬਾਕੀ ਉਪਾਵਾਂ ਤੋਂ ਨਿਰਾਸ ਹੋ ਕੇ ਪੇਸ਼ ਕੀਤਾ ਗਿਆ ਹੈ। ਉਹ ਇਹ ਹੈ ਕਿ ਭਿੰਨ ਭਿੰਨ ਜਾਤੀਆਂ ਨੂੰ ਮਜ਼੍ਹਬੀ ਬਿਨ੍ਹਾ ਤੇ ਵੱਖੋ ਵੱਖ ਸੰਗਠਨ ਜਾਂ ਤਨਜ਼ੀਮ ਵਿਚ ਪਰੋਕੇ ਆਪੋ ਆਪਣਾ ਬਚਾਉ ਕਰਨ ਦੇ ਲਾਇਕ ਬਣਾਇਆ ਜਾਵੇ ਤਾਂ ਕਿ ਇਕ ਦੂਜੇ ਉਤੇ ਹਮਲਾ ਕਰਨ ਦਾ ਹੀਆ ਈ ਨਾ ਪਏ, ਤੇ ਇਕ ਦੂਜੇ ਦੀ ਇਜ਼ਤ ਕਰਨ ਦੀ ਪ੍ਰੇਰਨਾ ਹੋਵੇ। ਇਸ ਦਾ ਸਿੱਟਾ ਇਹ ਤਾਂ ਹੋ ਸਕਦਾ ਹੈ ਕਿ ਹਰ ਇਕ ਫਿਰਕਾ ਆਪੋ ਆਪਣੀ ਸੁਰਤ ਸੰਭਾਲ ਕੇ ਦੂਜੇ ਦੇ ਵਾਰਾਂ ਤੋਂ ਬਚਣ ਲਈ ਕਾਫ਼ੀ ਤਕੜਾ ਹੋ ਜਾਵੇ, ਪਰ ਇਸ ਦਾ ਇਹ ਨਤੀਜਾ ਕਦੇ ਨਹੀਂ ਹੋ ਸਕਦਾ ਕਿ ਇਹ ਫ਼ਿਰਕੇ ਢਲ ਢੁਲ ਕੇ ਇਕ ਕੋਮ ਬਣ ਜਾਣ। ਬਲਕਿ ਤੁਸਾਂ ਵੇਖਿਆ ਹੋਣਾ ਹੈ ਕਿ ਇਸ ਲਹਿਰ ਦੇ ਸਿਟੇ ਵਜੋਂ ਇਕ ਧਿਰ ਨੂੰ ਏਲਾਨੀਆ ਤੌਰ ਤੇ ਇਹ ਆਖਣ, ਦਾ ਹੀਆ ਪੈ ਗਿਆ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ, ਤੇ ਦੂਜੀ ਧਿਰ ਇਹ ਰਾਇ ਬਣਾਣ ਤੇ ਮਜਬੂਰ ਹੋ ਗਈ ਕਿ ਮੁਸਲਮਾਨਾਂ ਦੀ ਇਕ ਵੱਖਰੀ ਕੌਮ ਹੈ, ਜਿਸ ਦਾ ਵਤਨ ਹਿੰਦ ਹੀ ਨਹੀਂ ਬਲਕਿ ਚੀਨ, ਤੁਰਕਿਸਤਾਨ, ਈਰਾਨ, ਅਰਬ ਆਦਿ ਸਾਰੇ ਮੁਲਕ ਹਨ। ਹਿੰਦ ਵਿਚ ਭੀ ਉਹ ਆਪਣੇ ਲਈ ਵੱਖਰੇ ਇਲਾਕੇ ਮੰਗਣ ਲੱਗ ਪਏ, ਜਿਨ੍ਹਾਂ ਵਿਚ ਉਹ ਆਪਣੀ ਸਭਿਅਤਾ ਤੇ ਆਪਣੀ ਰਹਿਣੀ-ਬਹਿਣੀ ਸੰਭਾਲ ਕੇ ਵੱਖਰੀ ਤੇ ਨਿਰੋਲ ਰੱਖ ਸਕਣ। ਸਚ ਹੈ ਜੋ ਹਿੰਦ ਹਿੰਦੂਆਂ ਦਾ ਹੈ, ਤਾਂ ਮੁਸਲਮਾਨਾਂ ਲਈ ਵੱਖਰਾ ਦੇਸ਼ ਹੋਣਾ ਚਾਹੀਦਾ ਹੈ। ਇਹ ਦੋਵੇਂ ਖ਼ਿਆਲ ਰੋਗੀ ਮਨ ਤੋਂ ਪੈਦਾ ਹੋਏ ਤੇ ਇਹ ਰੋਗ ਸੰਗਠਨ ਤੇ ਤਨਜ਼ੀਮ ਦੇ ਪ੍ਰਚਾਰ ਨੇ ਪੈਦਾ ਕੀਤਾ, ਜਿਸ ਦਾ ਅੰਤਮ ਸਿੱਟਾ ਪਾਕਿਸਤਾਨ ਅਤੇ ਹਿੰਦੂ-ਮੁਸਲਮ ਫ਼ਸਾਦ ਨਿਕਲਿਆ। ਹਿੰਦੁਸਤਾਨੀ ਕੌਮ ਇਕ ਹੈ, ਜਿਸ ਦੇ ਅੰਗ ਹਿੰਦੂ ਭੀ ਹਨ ਤੇ ਮੁਸਲਮਾਨ ਭੀ, ਜਾਂ ਇਉਂ ਕਹੋ, ਜਿਵੇਂ ਸਰ ਸਈਅਦ ਅਹਿਮਦ

੮੫