ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ ਕਰਦੇ ਸਨ, ਕਿ ਹਿੰਦ ਇਕ ਸੁੰਦਰੀ ਹੈ ਜਿਸ ਦੀ ਇਕ ਅੱਖ ਹਿੰਦੂ ਹਨ ਤੇ ਦੂਜੀ ਅੱਖ ਮੁਸਲਮਾਨ। ਇਕ ਅੱਖ ਦੇ ਵਿਗੜਨ ਨਾਲ ਸਾਰੇ ਸਰੀਰ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਹ ਕੌਮੀ ਏਕਤਾ ਦਾ ਖ਼ਿਆਲ, ਤਦ ਸਫ਼ਲ ਹੋ ਸਕਦਾ ਹੈ ਜੇਕਰ ਦੋਵੇਂ ਧਿਰਾਂ ਆਪਣੇ ਆਪ ਨੂੰ ਅਤੇ ਇਕ ਦੂਜੇ ਨੂੰ ਇਕ ਕੌਮ ਦਾ ਅੰਗ ਸਮਝਣ, ਅਤੇ ਨਿਰੇ ਆਪਣੇ ਹੱਕਾਂ ਲਈ ਨਹੀਂ ਬਲਕਿ ਆਪਣੇ ਗੁਆਂਢੀਆਂ ਲਈ ਭੀ ਲੜਨਾ ਤੇ ਕਸ਼ਟ ਸਹਿਣਾ ਸਿਖਣ।

ਇਹ ਸਚ ਹੈ ਕਿ ਹਿੰਦੁਸਤਾਨ ਅਜੇ ਤੀਕਣ ਇਸ ਔਕੜ ਦਾ ਹੱਲ ਨਹੀਂ ਲੱਭ ਸਕਿਆ। ਪਰ ਕੀ ਕਿਸੇ ਹੋਰ ਕੌਮ ਨੇ ਲੱਭਾ ਹੈ? ਤੁਸੀਂ ਕਹੋਗੇ ਯੂਰਪ ਵਿਚ ਰੋਮਨ-ਕੈਥੋਲਿਕ ਤੇ ਪ੍ਰਾਟੈਸਟੈਂਟ ਜਾਂ ਹੋਰ ਕਈ ਫਿਰਕੇ ਕੋਲ ਕੋਲ ਵਸਦੇ ਰਸਦੇ ਹਨ ਅਤੇ ਉਨ੍ਹਾਂ ਦੀਆਂ ਆਪਸ ਵਿਚ ਦੀਆਂ ਤੇੜਾਂ ਆਪੋ ਆਪਣੀ ਕੌਮੀਅਤ ਦਾ ਹਿੱਸਾ ਬਣਕੇ ਰਹਿਣ 'ਚ ਕੋਈ ਫ਼ਰਕ ਨਹੀਂ ਪਾਂਦੀਆਂ। ਇਹ ਮਿਸਾਲ ਸਾਨੂੰ ਮਦਦ ਨਹੀਂ ਦੇ ਸਕਦੀ, ਕਿਉਂਕਿ ਉਨ੍ਹਾਂ ਦੀਆਂ ਆਪਸ ਦੀਆਂ ਤੇੜਾਂ ਸਭਿਆਚਾਰੀ ਤੇੜਾਂ ਨਹੀਂ। ਓਹ ਲੋਕ ਕੇਵਲ ਧਾਰਮਕ ਯਕੀਨ ਵਿਚ ਜਾਂ ਪੂਜਾ ਪਾਠ ਦੀ ਰੀਤ ਵਿਚ ਵੱਖ-ਵੱਖ ਦਿਸਦੇ ਹਨ, ਪਰ ਆਮ ਰਹਿਣ ਬਹਿਣ, ਕਿਰਤ ਵਿਰਤ ਸੋਚਣ ਵਿਚਾਰਣ ਜਾਂ ਮਹਿਸੂਸਣ ਦੇ ਢੰਗਾਂ ਵਿਚ ਇਕੋ ਜਿਹਾ ਵਰਤਦੇ ਹਨ। ਇਸ ਲਈ ਉਨ੍ਹਾਂ ਦੇ ਵਖੇਵੇਂ ਮੇਟਣੇ ਔਖੇ ਨਹੀਂ। ਪੱਛਮੀ ਦੇਸ਼ਾਂ ਵਿਚ ਅੱਡ-ਅੱਡ ਸਭਿਆਚਾਰਾਂ ਵਿਚ ਪਲੇ ਲੋਕਾਂ ਨੂੰ ਜੋੜਕੇ ਇਕ ਕਰਨ ਦਾ ਤਜਰਬਾ ਕਦੇ ਸਫਲ ਨਹੀਂ ਹੋਇਆ। ਉਥੇ ਸਮੇਂ-ਸਮੇਂ ਇਹ ਔਕੜ ਕਈਆਂ ਦੇਸ਼ਾਂ ਨੂੰ ਵਾਪਰਦੀ ਰਹੀ ਹੈ, ਪਰ ਇਸ ਦਾ ਹਲ ਹਮੇਸ਼ਾ ਮਾੜੇ ਧੜੇ ਨੂੰ ਮੈਦਾਨੋਂ ਹੀ ਕੱਢ ਦੇਣ ਵਿਚ ਸਮਝਿਆ ਗਿਆ ਹੈ, ਭਾਵ ਇਹ ਕਿ ਅਜੇਹੀ ਗੁੰਝਲ ਨੂੰ ਖਿੜੇ-ਮੱਥੇ ਸੁਲਝਾਉਣ ਦੀ ਥਾਂ ਮੂਲੋਂ ਕੱਟ ਹੀ ਦੇਂਦੇ ਰਹੇ ਹਨ।

ਅੱਠਵੀਂ ਤੋਂ ਪੰਦਰਵੀਂ ਸਦੀ ਦੇ ਅੰਤ ਤਕ ਸਪੇਨ ਮੁਸਲਮਾਨਾਂ ਦੇ ਹੱਥ ਰਿਹਾ ਪਰ ਜਦ ੧੮੪੨ ਵਿਚ ਇਨ੍ਹਾਂ ਦਾ ਰਾਜ ਖ਼ਤਮ ਹੋ ਗਿਆ, ਤਾਂ ਭੀ ਦੇਸ਼ ਵਿਚ ਚੋਖਾ ਤੇ ਕਾਰਵਦਾ ਹਿਸਾ ਇਨ੍ਹਾਂ ਦੀ ਵਸੋਂ ਦਾ ਸੀ। ਉਸ ਵੇਲੇ ਈਸਾਈਆਂ ਦੀ ਨਵੀਂ ਹਕੂਮਤ ਅੱਗੇ ਉਹ ਸਵਾਲ ਪੇਸ਼ ਆਇਆ ਜੋ ਸਾਡੇ ਸਾਹਮਣੇ ਹੈ ਕਿ ਇਨ੍ਹਾਂ

੮੬