ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੇਤੀ ਆਪਣੇ ਸਭਿਆਚਾਰ ਦਾ ਜੁੱਲਾ ਲਾਹ ਕੇ ਪਰ੍ਹਾਂ ਸੁਟ ਰਹੇ ਹਨ ਅਤੇ ਪੱਛਮੀ ਜੀਵਨ ਦਾ ਸਾਂਗ ਭਰ ਰਹੇ ਹਨ ਤਾਂ ਜੋ ਯੂਰਪ ਦੀ ਪਵਿੱਤਰ ਧਰਤੀ ਉਤੇ ਵਸਣ ਵਾਲੇ ਲੋਕਾਂ ਨੂੰ ਨਜ਼ਰ ਵਿਚ ਪ੍ਰਵਾਨ ਹੋ ਸਕਣ! ਕਦੀ ਸਮਾਂ ਸੀ ਜਦੋਂ ਅਰਬੀ ਸਭਿਆਚਾਰ ਦਾ ਜ਼ੋਰ ਸੀ ਤੇ ਯੂਰਪੀਨ ਲੋਕ ਭੀ ਦੂਰੋਂ ਚਲ ਕੇ ਮਰਾਕੋ ਤੇ ਸਪੇਨ ਦੀਆਂ ਮੁਸਲਿਮ ਯੂਨੀਵਰਸਟੀਆਂ ਵਿਚ ਅਰਬੀ ਦੇ ਰਾਹੀਂ ਉੱਚੀ ਵਿਦਿਆ ਲੈਣ ਆਉਂਦੇ ਸਨ, ਇਨ੍ਹਾਂ ਲੋਕਾਂ ਦੀ ਰਹਿਣੀ ਬਹਿਣੀ ਦੀ ਨਕਲ ਕਰਦੇ ਅਤੇ ਪਾਤਸ਼ਾਹਾਂ ਤਕ ਇਨ੍ਹਾਂ ਦੇ ਸੋਫ਼ਿਆਂ, ਗਲੀਚਿਆਂ, ਪਰਦਿਆਂ, ਪਿਰਚਾਂ ਪਿਆਲੀਆਂ, ਚਾਹਾਂ ਤੇ ਕਾਹਵਿਆਂ ਦੀ ਵਰਤੋਂ ਕਰਨ ਵਿਚ ਫ਼ਖਰ ਸਮਝਦੇ ਸਨ। ਪਰ ਹੁਣ ਇਸੇ ਸਭਿੱਤਾ ਦੇ ਮੋਢੀਆਂ ਦੀ ਉਲਾਦ ਅਰਬੀ ਅੱਖਰਾਂ ਤੇ ਬੋਲੀ ਨੂੰ ਛੱਡ ਕੇ ਲਾਤੀਨੀ ਅੱਖਰਾਂ ਤੇ ਰੀਝ ਰਹੀ ਹੈ ਤੇ ਆਪਣੀ ਬੋਲੀ ਵਿਚੋਂ ਅਰਬੀ ਲਫ਼ਜ਼ਾਂ ਨੂੰ ਕੱਢ ਕੇ ਯੂਰਪੀਨ ਬੋਲੀਆਂ ਦੇ ਲਫ਼ਜ਼ ਭਰ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦਾੜ੍ਹੀ ਤੇ ਪਗੜੀ ਦਾ ਰਿਵਾਜ਼ ਸਪੇਨ ਤੋਂ ਲੈ ਆਸਾਮ ਬੰਗਾਲ ਤਕ ਫੈਲਾਇਆ ਸੀ, ਅੱਜ ਉਹੀ ਇਨ੍ਹਾਂ ਚੀਜ਼ਾਂ ਨੂੰ ਸਭਿੱਤਾ ਦੇ ਨਿਸ਼ਾਨ ਮੰਨ ਕੇ ਮੂੰਹ ਸਿਰ ਦਾ ਫੈਸ਼ਨ ਕੁਝ ਹੋਰ ਹੀ ਬਣਾ ਰਹੇ ਹਨ। ਇਸ ਵਿਚ ਦੋਹਾਂ ਸਭਿੱਤਾ ਦਾ ਮੇਲ ਨਹੀਂ, ਬਲਕ ਇਕ ਸਭਿੱਤਾ ਦੀ ਭਾਂਜ ਤੇ ਦੂਜੀ ਦਾ ਦਾਬਾ ਮੰਨਿਆ ਗਿਆ ਹੈ। ਇਹ ਉਹ ਸੁਲਾਹ ਹੈ ਜਿਸ ਵਿਚ ਇਕ ਧਿਰ ਦੂਜੀ ਦੀਆਂ ਸ਼ਰਤਾਂ ਮੰਨ ਕੇ ਆਪਣੇ ਹਥਿਆਰ ਸੁੱਟ ਦੇਵੇ।

ਇਹ ਗੱਲ ਸਾਫ਼ ਹੈ ਕਿ ਯੂਰਪ ਦੇ ਇਤਿਹਾਸ ਵਿਚੋਂ ਇਕ ਮਿਸਾਲ ਵੀ ਨਹੀਂ ਮਿਲਦੀ ਜਿਥੇ ਭਿੰਨ-ਭਿੰਨ ਸਭਿਆਚਾਰਾਂ ਵਾਲੇ ਫ਼ਿਰਕਿਆਂ ਜਾਂ ਕੌਮਾਂ ਨੂੰ ਜੋੜ ਕੇ ਇਕਮਈ ਕੀਤਾ ਗਿਆ ਹੋਵੇ। ਅਮਰੀਕਾ ਤੇ ਦੱਖਣੀ ਅਫ਼ਰੀਕਾ ਵਿਚ ਦੀ ਪੱਛਮੀ ਸਭਿੱਤਾ ਵਾਲੇ ਲੋਕ ਅਡਰੀ ਸਭਿੱਤਾ ਵਾਲੇ ਏਸ਼ੀਆਈਆਂ ਨਾਲ ਇਕਮਿਕ ਨਹੀਂ ਹੋ ਸਕਦੇ। ਉਥੇ ਭੀ ਇਹੋ ਜਹੀ ਔਕੜ ਨੂੰ ਹੱਲ ਕਰਨ ਵਾਸਤੇ ਉਹੋ ਪੁਰਾਣਾ ਹਥਿਆਰ ਵਰਤਿਆ ਜਾਂਦਾ ਹੈ ਕਿ ਓਪਰੇ ਨੂੰ ਨਾਲ ਮੇਲਣ ਦੀ ਥਾਂ ਘਰੋਂ ਹੀ ਕੱਢ ਦਿਓ।

ਹੱਛਾ, ਤਾਂ ਫਿਰ ਇਸ ਔਕੜ ਦਾ ਕੋਈ ਹੱਲ ਨਹੀਂ? ਜੇ ਹੋਰਨਾਂ ਲੋਕਾਂ ਦਾ ਇਤਿਹਾਸ ਇਸ ਗੱਲ ਵਿਚ ਸਾਡੀ ਬਹੁੜੀ ਨਹੀਂ ਕਰਦਾ, ਤਾਂ ਕੀ ਸਾਡਾ ਆਪਣਾ

੮੮