ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਤਿਹਾਸ ਭੀ ਕੋਈ ਰਾਹ ਨਹੀਂ ਦੱਸਦਾ? ਮੇਰਾ ਆਪਣਾ ਖਿਆਲ ਹੈ ਕਿ ਸਾਡੇ ਇਤਿਹਾਸ ਵਿਚ ਇਕ ਅਜੇਹਾ ਸਮਾਂ ਆਇਆ ਸੀ ਭਾਵੇਂ ਇਹ ਜਤਨ ਭੀ ਰੁਕ ਸਕਣ ਵਾਲੇ ਕਾਰਨਾਂ ਕਰਕੇ ਨਿਸਫਲ ਹੀ ਰਿਹਾ। ਮੇਰਾ ਇਸ਼ਾਰਾ ਸ਼ਹਿਨਸ਼ਾਹ ਅਕਬਰ ਦੀ ਉਸ ਪਾਲਿਸੀ ਵੱਲ ਹੈ ਜੋ ਉਸ ਨੇ ਹਿੰਦੂ ਮੁਸਲਮਾਨਾਂ ਨੂੰ ਸਭਿਅਚਾਰੀ ਤੋਰ ਤੇ ਇਕ ਕਰ ਦੇਣ ਲਈ ਵਰਤੀ। ਇਸ ਆਸ਼ੇ ਵਿਚ ਉਹ ਇਕੱਲਾ ਨਹੀਂ ਸੀ। ਸਮੇਂ ਦੀ ਸਾਰੀ ਰੁਚੀ ਉਸ ਦੇ ਨਾਲ ਕੰਮ ਕਰ ਰਹੀ ਸੀ। ਜਦ ਮੁਸਲਮਾਨਾਂ ਨੂੰ ਹਿੰਦੁਸਤਾਨ ਵਿਚ ਰਹਿੰਦਿਆਂ ਚੋਖਾ ਚਿਰ ਹੋ ਗਿਆ ਅਤੇ ਬਹੁਤ ਸਾਰੇ ਹਿੰਦੂ ਇਸਲਾਮ ਦੇ ਦਾਇਰੇ ਵਿਚ ਆ ਗਏ ਤਾਂ ਉਨ੍ਹਾਂ ਲਈ ਇਹ ਦੇਸ਼ ਬਿਗਾਨਾ ਨਾ ਰਿਹਾ। ਉਸ ਵੇਲੇ ਕੁਦਰਤੀ ਸੀ ਕਿ ਕੋਈ ਐਸੇ ਵਿਚਾਰਵਾਨ ਸਜਣ ਨਿਕਲਦੇ ਜੋ ਉਨ੍ਹਾਂ ਦਾ ਇਸ ਨਵੀਂ ਸਹੇੜੀ ਧਰਤੀ ਨਾਲ ਪਿਆਰ ਪਾਉਂਦੇ ਅਤੇ ਕੋਈ ਅਜੇਹਾ ਪੈਂਤੜਾ ਲੱਭਦੇ ਜਿਸ ਉਤੇ ਅਸਲੀ ਵਸਨੀਕਾਂ ਦੇ ਨਵੇਂ ਆਇਆਂ ਦੀ ਮਿਲੋਣੀ ਬਝ ਸਕਦੀ।

ਸ਼ੁਰੂ-ਸ਼ੁਰੂ ਵਿਚ ਇਹ ਜਤਨ ਹੋਇਆ ਕਿ ਲੋਕਾਂ ਦੇ ਧਾਰਮਕ ਜੀਵਨ ਨੂੰ ਇਕ ਕਰ ਦਈਏ। ਗੁਰੂਆਂ ਦੇ ਭਗਤਾਂ ਨੇ ਹਿੰਦੂਆਂ ਦੇ ਦਿਲਾਂ ਵਿਚੋਂ ਮੁਸਲਮਾਨਾਂ ਦੇ ਵਿਰੁੱਧ ਜੋ ਪੱਖਪਾਤ ਦੇ ਤੌਖ਼ਲੇ ਬਣੇ ਹੋਏ ਸਨ, ਕੱਢਣ ਦਾ ਜਤਨ ਕੀਤਾ ਅਤੇ ਐਸੀ ਸਾਂਝੀ ਸਿੱਖਿਆ ਦਿੱਤੀ ਕਿ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਧਿਰਾਂ ਲਈ ਇਕ ਸਾਂਝੇ ਰੱਬ ਦੀ ਪੂਜਾ ਸ਼ੁਰੂ ਕਰਾਈ ਜਿਸ ਦਾ ਨਾਂ 'ਸਤਿਆ ਪੀਰ' ਰਖਿਆ। ਸਾਧੂ ਪ੍ਰਾਣ ਨਾਥ ਨੇ ਵੇਦ ਤੇ ਕੁਰਾਨ ਵਿਚੋਂ ਸਾਂਝੀਆਂ ਤੁਕਾਂ ਕੱਢ ਕੇ ਇਕ ਨਵੀਂ ਪੁਸਤਕ ਤਿਆਰ ਕੀਤੀ ਅਤੇ ਹਿੰਦੂਆਂ ਤੇ ਮੁਸਲਮਾਨਾਂ ਲਈ ਇਕ ਸਾਂਝਾ ਮਤ ਬਣਾਇਆ, ਇਸ ਦੇ ਅਨੁਸਾਰੀ ਖਾਣ ਪੀਣ ਵਿਚ ਸਾਂਝ ਵਰਤਦੇ ਸਨ। ਪੰਜਾਬ ਦੇ ਦੱਖਣ ਪੱਛਮ ਵਿਚ ਸਖੀ ਸਰਵਰ ਨੇ ਇਹੋ ਜਹੀ ਸਾਂਝੀ ਲਹਿਰ ਚਲਾਈ। ਸਰਹਦੀ ਇਲਾਕੇ ਵਿਚ ਬਿਆਜ਼ੀਦ ਨੇ ‘ਰੋਸ਼ਨੀਆਂ' ਨਾਂ ਦਾ ਇਕ ਮਲੰਗੀ ਫਿਰਕਾ ਚਲਾਇਆ। ਅਕਬਰ ਬਾਦਸ਼ਾਹ ਨੇ ਆਪ ਇਕ ਸਾਂਝੇ ਧਰਮ ਦੀ ਨੀਂਹ ਰੱਖੀ, ਜਿਸ ਦਾ ਨਾਂ 'ਦੀਨ-ਇਲਾਹੀਂ' ਸੀ। ਇਸ ਵਿਚ ਸਾਰੇ ਧਰਮਾਂ ਵਿਚੋਂ ਚੰਗੀਆਂ-ਚੰਗੀਆਂ ਗੱਲਾਂ ਚੁਣ ਕੇ ਸ਼ਾਮਲ ਕੀਤੀਆਂ। ਪਰ ਇਹ ਸਾਰੇ ਜਤਨ ਬਿਰਥੇ ਗਏ, ਕਿਉਂਕਿ ਧਰਮ ਕੋਈ ਹੁਨਰ ਜਾਂ ਫ਼ਲਸਫ਼ਾ ਨਹੀਂ ਜੋ ਚੰਗੀਆਂ-ਚੰਗੀਆਂ ਗੱਲਾਂ ਦੇ ਇਕੱਠੀਆਂ ਕਰਨ ਤੋਂ ਬਣ ਜਾਵੇ। ਇਹ ਤਾਂ ਇਕ ਜ਼ਿੰਦਗੀ ਹੈ ਜਿਸ ਦੀ ਰੋ ਚਲਾਣ ਵਾਲੀ ਕੋਈ

੮੯