ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਪਾਰ ਸ਼ਖ਼ਸੀਅਤ ਹੋ ਸਕਦੀ ਹੈ। ਇਹ ਸ਼ਖ਼ਸੀਅਤ ਅਕਬਰ ਦੇ ਅੰਦਰ ਨਹੀਂ ਸੀ ਇਸ ਲਈ ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਧਾਰਮਕ ਜੀਵਨ-ਪ੍ਰਵਾਹ ਨੂੰ ਇਕੇ ਵਾਹੇ ਵਿਚ ਨਾ ਚਲਾ ਸਕਿਆ। ਕੌਮੀ ਏਕਤਾ ਲਈ ਜਿਹੜੇ ਹੋਰ ਉਪਰਾਲੇ ਉਸ ਨੇ ਕੀਤੇ ਉਹ ਠੀਕ ਸਨ ਅਤੇ ਉਹ ਜ਼ਰੂਰ ਕਾਮਯਾਬ ਹੋ ਜਾਂਦੇ ਜੇਕਰ ਉਸਦੇ ਪਿਛੋਂ ਆਉਣ ਵਾਲੇ ਬਾਦਸ਼ਾਹ ਉਸਦੇ ਕੰਮ ਨੂੰ ਅਧਵਾਟੇ ਨਾ ਵਿਚਲਾ ਦਿੰਦੇ।

ਇਸ ਕੰਮ ਦਾ ਮਨੋਰਥ ਇਹ ਸੀ ਕਿ ਦੇਸ਼ ਵਿਚ ਪ੍ਰਚਲਤ ਭਿੰਨ-ਭਿੰਨ ਸਭਿਆਚਾਰਾਂ ਨੂੰ, ਜੋ ਵਖੇਵਿਆਂ ਤੇ ਵਿੱਥਾਂ ਦਾ ਮੂਲ ਕਾਰਨ ਸਨ, ਇਕ ਪੈਂਤੜੇ ਤੇ ਲਿਆ ਕੇ ਮੇਲ ਦਿੱਤਾ ਜਾਵੇ। ਲੋਕੀਂ ਧਰਮਾਂ ਨੂੰ ਇਕੱਠਾ ਨਹੀਂ ਹੋਣ ਦਿੰਦੇ, ਪਰ ਜੇ ਉਨ੍ਹਾਂ ਦੇ ਹੁਨਰੀ ਜਜ਼ਬਿਆਂ ਤੇ ਸੁਹਜ-ਸੁਆਦਾਂ ਨੂੰ ਸਿੱਧਾ ਅਪੜ ਕੇ ਪ੍ਰੇਰਿਆ ਜਾਵੇ ਤਾਂ ਉਹ ਅੱਗੋਂ ਇੰਨੇ ਤੜਿੰਗ ਨਹੀਂ ਹੁੰਦੇ। ਜੇ ਅਸੀਂ ਉਨ੍ਹਾਂ ਦੇ ਦਿਲਾਂ ਉਤੇ ਆਪਣੇ ਧਾਰਮਿਕ ਖ਼ਿਆਲਾਂ ਦਾ ਸਿੱਕਾ ਬਿਠਾਣ ਦਾ ਜਤਨ ਕਰੀਏ, ਤਾਂ ਉਹ ਝਟ ਕੰਨ ਖੜੇ ਕਰ ਲੈਂਦੇ ਹਨ ਅਤੇ ਇਉਂ ਦਿਲਾਂ ਦੇ ਬੂਹੇ ਮਾਰ ਕੇ ਅੰਦਰ ਵੜ ਬਹਿੰਦੇ ਹਨ ਕਿ ਚੰਗੇ ਤੋਂ ਚੰਗੇ ਕਹੇ ਦਾ ਕੋਈ ਅਸਰ ਨਹੀਂ ਹੁੰਦਾ। ਪਰ ਜਦ ਅਸੀਂ ਹੁਨਰ ਦੀਆਂ ਖੂਬਸੂਰਤੀਆਂ ਅਤੇ ਖਿਆਲ ਜਾਂ ਬੋਲੀ ਦੀਆਂ ਬਰੀਕੀਆਂ ਤੇ ਕੋਮਲਤਾਈਆਂ ਦੇ ਰਾਹੀਂ ਉਨ੍ਹਾਂ ਪਾਸ ਅਪੜਦੇ ਹਾਂ, ਤਾਂ ਉਹ ਬੜੇ ਬੀਬੇ ਤੇ ਸੁਲੱਗ ਬਣ ਜਾਂਦੇ ਹਨ। ਕੇਵਲ ਸਾਹਿਬ ਆਪਣੀ ਪੁਸਤਕ 'ਹਿੰਦ ਦਾ ਇਮਾਰਤੀ ਹੁਨਰ’ ਵਿਚ ਲਿਖਦਾ ਹੈ: "ਮੁਸਲਮਾਨ ਬਾਦਸ਼ਾਹਾਂ ਨੇ ਹੁਨਰਾਂ ਅਤੇ ਵਿਦਿਆ ਨੂੰ ਬਿਨਾਂ ਪਖਪਾਤ ਦੇ ਅਪਣਾਕੇ ਫਿਰਕੂ ਵੱਟਾਂ ਬੰਨ੍ਹਿਆਂ ਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਸਾਧਨ ਬਣਾਇਆ।" ਅਕਬਰ ਨੇ ਬਦੌਨੀ, ਫੌਜੀ, ਨਕੀਬ ਖ਼ਾਨ ਆਦਿ ਮੁਸਲਮਾਨ ਆਲਮਾਂ ਨੂੰ ਹਿੰਦੂ ਗ੍ਰੰਥ ਪੜ੍ਹਨ ਤੇ ਉਲਥਾਣ ਤੇ ਲਾਇਆ ਤੇ ਮੁਸਲਮਾਨਾਂ ਦੀਆਂ ਕਿਤਾਬਾਂ ਨੂੰ ਹਿੰਦੂਆਂ ਦੇ ਦ੍ਰਿਸ਼ਟੀਗੋਚਰੇ ਕੀਤਾ। ਨਵਾਜ਼, ਜੈਸੀ ਆਦਿ ਮੁਸਲਮਾਨ ਕਵੀ ਆਪਣੀ ਕਵਿਤਾ ਹਿੰਦੀ ਜਾਂ ਬ੍ਰਿਜ਼-ਭਾਸ਼ਾ ਵਿਚ ਲਿਖਣ ਲੱਗੇ, ਜਿਸ ਵਿਚ ਫ਼ਾਰਸੀ ਦੇ ਲਫ਼ਜ ਢੁਕਵੇਂ ਬੱਧੇ ਜਾਂਦੇ ਸਨ। ਕਈ ਹਿੰਦੁ ਕਵੀ ਭੀ ਆਪਣੀ ਹਿੰਦੀ ਰਚਨਾ ਵਿਚ ਫ਼ਾਰਸੀ ਵਰਤਣ ਲੱਗ ਪਏ। ਸਿੱਟਾ ਇਹ ਹੋਇਆ ਕਿ ਹਿੰਦੁਆਂ ਤੇ ਮੁਸਲਮਾਨਾਂ ਦੀ ਇਕ ਸਾਂਝੀ ਬੋਲੀ ਤਿਆਰ ਹੋ ਗਈ, ਜਿਸ ਨੂੰ 'ਉਰਦੂ' ਆਖਣ ਲੱਗੇ। ਇਹ ਗੱਲ ਗਲਤ ਹੈ ਕਿ ਉਰਦੂ ਸ਼ਾਹ ਜਹਾਨ ਦੇ ਵੇਲੇ ਇਕਵਾਰਗੀ ਹੀ ਦੇਸ਼ ਵਿਚ ਪ੍ਰਚਲਤ ਹੋ ਗਈ। ਇਹ ਤਾਂ ਹਿੰਦੂਆਂ ਤੇ ਮੁਸਲਮਾਨਾਂ ਦੀਆਂ

੯੦