ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਰਕ ਜ਼ਰੂਰ ਪਿਆ, ਪਰ ਉਦੋਂ ਜਦੋਂ ਔਰੰਗਜ਼ੇਬ ਨੇ ਹਿੰਦੂ ਕਾਰੀਗਰਾਂ ਦਾ ਬਾਈਕਾਟ ਕਰ ਕੇ ਨਰੋਲ ਮੁਸਲਮਾਨਾਂ ਨੂੰ ਲਾਉਣਾ ਆਰੰਭ ਦਿੱਤਾ, ਅਤੇ ਇਸ ਤਰ੍ਹਾਂ ਹਿੰਦੁਸਤਾਨੀ ਹੁਨਰ ਵਿਚ ਉਹ ਖੱਪਾ ਫੇਰ ਆਣ ਪਿਆ ਜਿਸ ਉਤੇ ਅਕਬਰ ਨੇ ਪੁਲ-ਬੰਦੀ ਕਰਨ ਦਾ ਜਤਨ ਕੀਤਾ ਸੀ। ਇਸ ਦਾ ਸਿੱਟਾ ਇਹ ਹੋਇਆ ਕਿ ਮੁਗਲ ਦਰਬਾਰ ਦੀ ਕਲਾ-ਬੁਧਿ ਗਿਰਾਵਟ ਵਿਚ ਗਈ। ਪਰ ਜਿਹੜੀ ਚਾਲ ਇਕ ਵਾਰ ਬੱਝ ਤੁਰੇ ਉਹ ਥੋੜ੍ਹੀ ਕੀਤਿਆਂ ਫੇਰ ਨਹੀਂ ਹਟਦੀ। ਇਸ ਨੂੰ ਪੰਜਾਬ ਵਿਚ ਸਿੱਖ ਰਾਜਿਆਂ, ਰਾਜਪੂਤਾਨੇ ਤੇ ਗੁਜਰਾਤ ਵਿਚ ਹਿੰਦੂ ਤੇ ਹੋਰ ਦੇਸੀ ਆਜ਼ਾਦ ਰਜਵਾੜਿਆਂ ਨੇ ਚਲਦਾ ਰੱਖਿਆ।

ਸੰਗੀਤ ਵਿਚ ਤਾਨ ਸੈਨ ਜਿਹੇ ਰਾਗ ਦੇ ਮਾਹਿਰਾਂ ਨੇ ਕੁਝ ਮੋੜ-ਤੋੜ ਕੀਤੇ। ਉਸ ਬਾਰੇ ਅਬੁਲ ਫ਼ਜ਼ਲ ਲਿਖਦਾ ਹੈ ਕਿ ਉਸ ਨੇ ਆਪਣੇ ਹੁਨਰ ਵਿਚ ਕਈ ਨਵੀਆਂ ਪਲਟਾਂ ਲਿਆਂਦੀਆਂ। ਪੁਰਾਣੇ ਖਿਆਲਾਂ ਦੇ ਹਿੰਦੂ ਉਸ ਉਤੇ ਇਹ ਦੂਸ਼ਣ ਲਾਂਦੇ ਹਨ ਕਿ ਉਸ ਨੇ ਸੰਪਰਦਾਈ ਰਾਗਾਂ ਨੂੰ ਵਿਗਾੜ ਦਿੱਤਾ ਸੀ। ਉਨ੍ਹਾਂ ਦੇ ਇਸ ਕਥਨ ਤੋਂ ਮਲੂਮ ਹੁੰਦਾ ਹੈ ਕਿ ਉਸ ਨੇ ਪੁਰਾਣੀਆਂ ਲੀਹਾਂ ਨੂੰ ਛੱਡ ਕੇ ਰਾਗ ਨੂੰ ਕਿਸੇ ਐਸੇ ਰਾਹੇ ਪਾਇਆ ਜੋ ਮੁਸਲਮਾਨੀ ਰਸ ਨੂੰ ਭੀ ਸੂਤ ਬਹਿ ਸਕੇ। ਨਵੇਂ ਜ਼ਮਾਨੇ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸਿੱਖ ਗੁਰੂ ਸਾਹਿਬਾਨ ਨੇ ਭੀ ਕੁਝ ਅਦਲਾ ਬਦਲੀਆਂ ਕੀਤੀਆਂ। ਉਹ ਅਜੇਹੀ ਖੁਸ਼ੀ ਦੇ ਖਿਲਾਫ਼ ਸਨ ਜੋ ਮਨੁੱਖ ਨੂੰ ਝੱਲਾ ਕਰ ਕੇ ਸੰਜੀਦਗੀ ਦੀਆਂ ਹੱਥਾਂ ਪਾ ਦੇਵੇ, ਇਸ ਲਈ ਉਨ੍ਹਾਂ ਨੇ ਮੇਘ ਹਿੰਢੋਲ ਆਦਿ ਰਾਗਾਂ ਨੂੰ ਵਰਤਣਾ ਛੱਡ ਦਿੱਤਾ। ਉਹ ਐਸੇ ਵੈਰਾਗ ਦੇ ਭੀ ਖਿਲਾਫ਼ ਸਨ ਜੋ ਮਨੁੱਖ ਨੂੰ ਸਾੜ ਭੁੰਨ ਕੇ ਕਿਸੇ ਕੰਮ ਜੋਗਾ ਹੀ ਨਾ ਛੱਡੇ, ਇਸ ਲਈ ਦੀਪਕ, ਜੋਗ ਆਦਿ ਰਾਗਾਂ ਨੂੰ ਭੀ ਤਿਲਾਂਜਲੀ ਦੇ ਦਿੱਤੀ। ਹਾਂ ਇਨ੍ਹਾਂ ਨੂੰ ਬਸੰਤ, ਗੌੜੀ ਆਦਿ ਸੰਜੀਦਾ ਰਾਗਾਂ ਨਾਲ ਮਿਲਾ ਕੇ ਵਰਤਣ ਵਿਚ ਕੋਈ ਹਰਜ ਨਹੀਂ ਸਮਝਿਆ। ਜੋਸ਼ ਦੁਆਣ ਲਈ ਵਾਰਾਂ ਦੀਆਂ ਨਵੀਆਂ ਨਵੀਆਂ ਧਾਰਨਾਂ ਪ੍ਰਚੱਲਤ ਕੀਤੀਆਂ, ਜਾਂ ਪੁਰਾਣੀਆਂ ਧਾਰਨਾਂ ਨੂੰ ਮਾਂਜ ਲਿਸ਼ਕਾ ਕੇ ਨਵੇਂ ਢੰਗ ਨਾਲ ਵਰਤਿਆ। ਆਸਾ, ਤਿਲੰਗ ਆਦਿ ਸਰਹੱਦੀ ਰਾਗਾਂ ਵਿਚ ਨਾ ਕੇਵਲ ਹੁਨਰੀ ਮੇਲੇ ਕੀਤੇ ਬਲਕਿ ਉਨ੍ਹਾਂ ਵਿਚ ਗਾਏ ਜਾਣ ਵਾਲੇ ਸ਼ਬਦਾਂ ਵਿਚ ਭੀ ਰਾਗ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਿੰਦੀ ਦੇ ਨਾਲ-ਨਾਲ ਫ਼ਾਰਸੀ ਤੇ ਅਰਬੀ ਦੇ ਲਫ਼ਜ਼ ਭੀ ਭਰ ਦਿੱਤੇ।

੯੩