ਮਜ਼੍ਹਬਾਂ ਨੂੰ ਇਕ ਕਰਨਾ ਤਾਂ ਔਖਾ ਸੀ ਪਰ ਇਨ੍ਹਾਂ ਮਜ਼੍ਹਬਾਂ ਦੇ ਪਿੱਛੇ ਕੰਮ ਕਰਨ ਵਾਲੇ ਸਭਿਆਚਾਰੀ ਭਾਵਾਂ ਦਾ ਮੇਲ ਕਰਨਾ ਔਖਾ ਨਹੀਂ ਸੀ। ਇਹ ਮੇਲ ਅੱਗੇ ਹੀ ਸੂਫ਼ੀ ਮਤ ਵਾਲੇ ਖਿਆਲਾਂ ਵਿਚ ਚੋਖਾ ਸੀ। ਅਕਬਰ ਇਨ੍ਹਾਂ ਸੂਫ਼ੀਆਂ ਨੂੰ ਬਹੁਤ ਚਾਹੁੰਦਾ ਸੀ। ਹੋਰ ਲੋਕ ਭੀ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ, ਇਨ੍ਹਾਂ ਸੂਫ਼ੀਆਂ ਦੇ ਅਸਰ ਹੇਠਾਂ ਸਨ। ਇਸ ਅਸਰ ਨੇ ਮੁਲਕ ਵਿਚ ਇਕ ਖਿਆਲਾਂ ਦੀ ਇਕ ਸਾਂਝੀ ਰੌ ਪੈਦਾ ਕੀਤੀ, ਜਿਸ ਦੇ ਉੱਘੇ ਅੰਗ ਇਹ ਸਨ:
(੧)ਦੇਵੀ ਦੇਵਤਿਆਂ ਦੀ ਥਾਂ ਇਕ ਰੱਬ ਨੂੰ ਮੰਨਣਾ।
(੨) ਮਨੁੱਖਾਂ ਨੂੰ ਜਾਤ ਪਾਤ ਵਿਚ ਵੰਡਣ ਦੀ ਥਾਂ ਸਭ ਨੂੰ ਇਕੋ ਭਾਈਚਾਰਾਮੰਨਣਾ।
(੩) ਧਰਮ ਪਿਆਰ ਹੈ, ਨਾ ਕਿ ਗਿਆਨ ਜਾਂ ਕਰਮ।
(੪) ਬ੍ਰਾਹਮਣਾਂ, ਮੁਲਾਣਿਆਂ ਜਾਂ ਪੁਜਾਰੀਆਂ ਦੀ ਥਾਂ ਇਕ ਸਰਬ ਸਾਂਝੇਗੁਰੂ ਜਾਂ ਪੀਰ ਦੀ ਲੋੜ।
(੫) ਸੰਸਕ੍ਰਿਤ ਦੀ ਥਾਂ ਆਪਣੀ ਲੋਕ-ਬੋਲੀ ਨੂੰ ਉਪਾਸਨਾ ਜਾਂ ਇਬਾਦਤ ਲਈ ਵਰਤਣਾ।
ਰੱਬ ਦੀ ਏਕਤਾ ਦੇ ਵਿਚਾਰ ਵਿਚ ਭੀ ਕੁਝ ਤਬਦੀਲੀ ਆਈ। ਹੁਣ ਉਹ ਪੂਰਬੀ ਫ਼ਿਲਸਫੇ ਵਾਲਾ ਨਿਰੀ ਇਕ ਨਿਰਗੁਣ ਮਨੌਤ ਨਹੀਂ ਸੀ ਰਿਹਾ, ਅਤੇ ਨਾ ਹੀ ਰਚਨਾ ਤੋਂ ਬਾਹਰਵਾਰ ਕੋਈ ਦੂਰ ਅਰਸ਼ਾਂ ਤੇ ਬੈਠੀ ਪਰੇ-ਪਰੇਰੀ ਹਸਤੀ ਸੀ, ਜਿਸ ਦਾ ਖਿਆਲ ਮੁਸਲਮਾਨਾ ਨੇ ਆਪਣੇ ਨਾਲ ਲਿਆਂਦਾ ਸੀ। ਉਸ ਦੀ ਬਾਬਤ ਇਕ ਸਾਂਝਾ ਖਿਆਲ ਇਹ ਬਣਿਆ ਕਿ ਉਹ ਸਾਡੇ ਨਾਲ ਇਕ ਵਸਦੀ ਰਸਦੀ ਸ਼ਖਸੀਅਤ ਹੈ ਜੋ ਸਰਬ-ਵਿਆਪਕ ਹੋਣ ਦੇ ਬਾਵਜੂਦ ਨਿਰਲੇਪ ਤੇ ਅਸੀਮ ਹੈ।
‘ਕੋ ਕਹਤੋ ਸਭ ਬਾਹਰਿ, ਕੋ ਕਹਤੋ ਸਭ ਮਹੀਅਉ॥
ਬਰਨੁ ਨ ਦੀਸੈ ਚਿਹਨੁ ਨੇ ਲਖੀਐ, ਸੁਹਾਗਨਿ ਸਾਤਿ ਬੁਝਹੀਅਉ॥੧॥
ਸਰਬ-ਨਿਵਾਸੀ ਘਟਿ ਘਟਿ ਵਾਸੀ, ਲੇਪੁ ਨਹੀਂ ਅਲਪਹੀਅਉ॥
ਨਾਨਕੁ ਕਹਤ ਸੁਨਹੁ ਰੇ ਲੋਗਾ, ਸੰਤ ਰਸਨ ਕੋ ਬਸਹੀਅਉ॥੨॥
(ਜੈਤਸਰੀ ਮ: ੫}