ਚਾਰ-ਦੀਵਾਰੀਆਂ ਵਿਚ ਬੈਠੇ ਆਪਣੇ ਹੀ ਪਿੱਛੇ ਉਤੇ ਮਾਣ ਕਰਦੇ ਆਪਣੇ ਹੀ ਪਿੱਛੇ ਦੀ ਖੋਜ-ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਤਨੇ ਹਿੰਦੂ ਆਸ਼ਰਮਾਂ ਵਿਚ ਫ਼ਾਰਸੀ, ਅਰਬੀ ਜਾਂ ਪੰਜਾਬੀ ਪੜ੍ਹਾਈ ਜਾਂਦੀ ਹੈ? ਤੇ ਕਿਤਨੇ ਮੁਸਲਿਮ ਆਸ਼ਰਮਾਂ ਵਿਚ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਦੇ ਪੜ੍ਹਾਣ ਦਾ ਪ੍ਰਬੰਧ ਹੈ? ਕਿਤਨੇ ਹਿੰਦੂ ਫ਼ਾਰਸੀ ਜਾਂ ਅਰਬੀ ਪੜ੍ਹਦੇ ਹਨ? ਅਤੇ ਕਿਤਨੇ ਮੁਸਲਮਾਨ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਲੈਂਦੇ ਹਨ? ਇਕ ਹਿੰਦੂ ਨੂੰ ਲੰਦਨ ਦੇ ਸਾਰੇ ਬਜ਼ਾਰਾਂ ਦਾ ਪਤਾ ਹੋ ਸਕਦਾ ਹੈ। ਉਸ ਨੂੰ ਇਹ ਭੀ ਪਤਾ ਹੋ ਸਕਦਾ ਹੈ ਕਿ ਯੂਰਪ ਵਿਚ ਜਾਗ੍ਰਤਿ ਕਿਵੇਂ ਤੇ ਕਦੋਂ ਆਈ, ਉਥੋਂ ਦੀਆਂ ਰੋਮਾਂਟਿਕ ਤੇ ਕਲਾਸਿਕ ਲਹਿਰਾਂ ਦਾ ਕੀ ਭਿੰਨ ਭੇਤ ਹੈ? ਉਸ ਨੂੰ ਇਤਨਾ ਨਹੀਂ ਪਤਾ ਹੋਣਾ ਕਿ ਅਸ਼ਰ ਦੀ ਨਮਾਜ਼ ਕਿਹਨੂੰ ਕਹਿੰਦੇ ਹਨ? ਨਮਾਜ਼ ਵਿਚ ਕੀ ਪੜ੍ਹਿਆ ਜਾਂਦਾ ਹੈ? ਸੁੰਨੀਆਂ ਦਾ ਸ਼ੀਆਂ ਜਾਂ ਵਹਾਬੀ ਲੋਕਾਂ ਨਾਲ ਕੀ ਝਗੜਾ ਹੈ? ਥੋੜ੍ਹਾ ਚਿਰ ਹੋਇਆ ਇਕ ਉੱਘਾ ਹਿੰਦੂ ਲੀਡਰ ਸਿੱਖਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਦਿਆਂ ਦੇਖ ਕੇ ਹੈਰਾਨ ਹੋ ਰਿਹਾ ਸੀ। ਕਈ ਚੰਗੇ ਨੇਕ-ਦਿਲ ਹਿੰਦੂ ਸੱਜਣ ਸਿੱਖਾਂ ਨੂੰ ਸਿਗਰਟ ਪੇਸ਼ ਕਰਦੇ ਹੋਏ ਦੇਖੇ ਜਾਂਦੇ ਹਨ। ਕਿਤਨੇ ਕੁ ਮੁਸਲਮਾਨ ਭਰਾ ਕ੍ਰਿਸ਼ਨ ਮਹਾਰਾਜ ਜਾਂ ਸ੍ਰੀ ਰਾਮ ਚੰਦਰ ਦੀ ਕਹਾਣੀ ਚੰਗੀ ਤਰ੍ਹਾਂ ਜਾਣਦੇ ਹਨ? ਕਿਤਨੇ ਕੁ ਹਿੰਦੂ ਸੱਜਣ ਹਨ ਜਿਨ੍ਹਾਂ ਨੂੰ ਹਸਨ ਹੁਸੈਨ ਦੀ ਸ਼ਹੀਦੀ ਦੀ ਸਾਰੀ ਵਾਰਤਾ ਆਉਂਦੀ ਹੈ? ਇਕ ਦੂਜੇ ਬਾਬਤ ਕਿਤਨੇ ਕੋਰੇ ਤੇ ਬੇਖ਼ਬਰ ਰਹਿੰਦਿਆਂ ਹੋਇਆਂ ਦੇ ਪਿੱਪਲ ਦੀ ਟਾਹਣੀ ਟੁੱਟ ਜਾਣ ਤੇ ਹਜ਼ਾਰਾਂ ਜਾਨਾਂ ਦਾ ਨੁਕਸਾਨ ਹੋ ਜਾਏ ਤਾਂ ਕੀ ਹੈਰਾਨੀ ਹੈ?
ਫਿਰ ਦੇਖੋ ਅਸੀਂ ਹੁਨਰ ਦੇ ਮਾਮਲੇ ਵਿਚ ਕਿਤਨੇ ਪਿਛਾਂਹ-ਖਿਚੂ ਹੋ ਗਏ ਹਾਂ! ਸਾਹਿੱਤ ਵਾਂਗੂ ਹੁਨਰ ਨੂੰ ਵੀ ਮੁੜ ਸੁਰਜੀਤ ਕਰਨ ਦੇ ਉਪਰਾਲੇ ਹੋ ਰਹੇ ਹਨ, ਪਰ ਇਹ ਹੁਨਰ ਉਹ ਨਹੀਂ ਜੋ ਸਾਡੇ ਵਡਿਆਂ ਨੇ ਰਲਾ ਮਿਲਾ ਕੇ ਇਕ ਕੀਤਾ ਸੀ, ਬਲਕਿ ਉਹ ਹੈ ਜੋ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਸਮਰਕੰਦ ਜਾਂ ਬਗ਼ਦਾਦ ਵਿਚ ਪ੍ਰਚਲਤ ਸੀ ਜਾਂ ਮਥਰਾ ਬਿੰਦਰਾਬਨ ਦੇ ਮੰਦਰਾਂ ਵਿਚ ਵਰਤਿਆ ਜਾਂਦਾ ਸੀ। ਹਿੰਦੂ ਆਪਣੇ ਕਾਲਜ, ਆਸ਼ਰਮ, ਹੋਰ ਪਬਲਕ ਇਮਾਰਤਾਂ ਨਿਰੋਲ ਹਿੰਦੂ ਸ਼ਕਲ ਦੀਆਂ ਬਣਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਸ਼ਿਵਾਲੇ ਦੇ ਸਿਖਰੀ ਢੰਗ ਨਾਲ ਸਸਤੇ ਬਰਕਮਾਸਤਰੀ ਢੰਗ ਦੀਆਂ ਨਵੀਆਂ ਡਾਟਾਂ ਦਾ ਰੋਲਾ ਤਾਂ ਪਿਆ ਹੋਵੇਗਾ, ਪਰ ਕਮਾਨੀਦਾਰ ਡਾਟਾਂ ਤੇ ਗੁੰਬਦ ਦਾ ਨਾਂ ਨਿਸ਼ਾਨ ਨਹੀਂ ਹੋਵੇਗਾ,