ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਦਾ ਅੰਗ ਸਮਝਣ, ਅਤੇ ਨਿਰੇ ਆਪਣੇ ਹੱਕਾਂ ਲਈ ਨਹੀਂ ਬਲਕਿ ਆਪਣੇ ਗੁਆਂਢੀਆਂ ਲਈ ਭੀ ਲੜਨਾ ਤੇ ਕਸ਼ਟ ਸਹਿਣਾ ਸਿਖਣ।

ਇਹ ਸਚ ਹੈ ਕਿ ਹਿੰਦੁਸਤਾਨ ਅਜੇ ਤੀਕਣ ਇਸ ਔਕੜ ਦਾ ਹੱਲ ਨਹੀਂ ਲਭ ਸਕਿਆ। ਪਰ ਕੀ ਕਿਸੇ ਹੋਰ ਕੌਮ ਨੇ ਲਭਾ ਹੈ? ਤੁਸੀਂ ਕਹੋਗੇ ਯੂਰਪ ਵਿਚ ਰੋਮਨ-ਕੈਥੋਲਿਕ ਤੇ ਪ੍ਰਾਟੈਸਟੈਂਟ ਜਾਂ ਹੋਰ ਕਈ ਫਿਰਕੇ ਕੋਲੋ ਕੋਲ ਵਸਦੇ ਰਸਦੇ ਹਨ ਅਤੇ ਉਨ੍ਹਾਂ ਦੀਆਂ ਆਪਸ ਵਿਚ ਦੀਆਂ ਤੇੜਾਂ ਆਪੋ ਆਪਣੀ ਕੌਮੀਅਤ ਦਾ ਹਿਸਾ ਬਣ ਕੇ ਰਹਿਣ ਵਿਚ ਕੋਈ ਫ਼ਰਕ ਨਹੀਂ ਪਾਂਦੀਆਂ। ਇਹ ਮਿਸਾਲ ਸਾਨੂੰ ਮਦਦ ਨਹੀਂ, ਕਰ ਸਕਦੀ, ਕਿਉਂਕਿ ਉਨ੍ਹਾਂ ਦੀਆਂ ਆਪਸ ਦੀਆਂ ਤੇੜਾਂ ਸਭਿਆਚਾਰੀ ਤੇੜਾਂ ਨਹੀਂ। ਓਹ ਲੋਕ ਕੇਵਲ ਧਾਰਮਕ ਯਕੀਨ ਵਿਚ ਜਾਂ ਪੂਜਾ ਪਾਠ ਦੀ ਰੀਤ ਵਿਚ ਵਖ ਵਖ ਦਿਸਦੇ ਹਨ, ਪਰ ਆਮ ਰਹਿਣ ਬਹਿਣ, ਕਿਰਤ ਵਿਰਤ, ਸੋਚਣ ਵਿਚਾਰਣ ਜਾਂ ਮਹਿਸੂਸਣ ਦੇ ਢੰਗਾਂ ਵਿਚ ਇੱਕੋ ਜਿਹਾ ਵਰਤਦੇ ਹਨ। ਇਸ ਲਈ ਉਨ੍ਹਾਂ ਦੇ ਵਖੇਵੇਂ ਮੇਟਣੇ ਔਖੇ ਨਹੀਂ। ਪੱਛਮੀ ਦੇਸਾਂ ਵਿਚ ਅਡ ਅਡ ਸਭਿਆਚਾਰਾਂ ਵਿਚ ਪਲੇ ਲੋਕਾਂ ਨੂੰ ਜੋੜ ਕੇ ਇੱਕ ਕਰਨ ਦਾ ਤਜਰਬਾ ਕਦੇ ਸਫਲ ਨਹੀਂ ਹੋਇਆ। ਉਥੇ ਸਮੇਂ ਸਮੇਂ ਇਹ ਔਕੜ ਕਈਆਂ ਦੇਸਾਂ ਨੂੰ ਵਾਪਰਦੀ ਰਹੀ ਹੈ, ਪਰ ਇਸ ਦਾ ਹਲ ਹਮੇਸ਼ਾਂ ਮਾੜੇ ਧੜੇ ਨੂੰ ਮਦਾਨੋਂ ਹੀ ਕਢ ਦੇਣ ਵਿਚ ਸਮਝਿਆ ਗਿਆ ਹੈ, ਭਾਵ ਇਹ ਕਿ ਅਜੇਹੀ ਗੁੰਝਲ ਨੂੰ ਖਿੜੇ-ਮਥੇ ਸੁਲਝਾਉਣ ਦੀ ਥਾਂ ਮੂਲੋਂ ਕਟ ਹੀ ਦੇਂਦੇ ਰਹੇ ਹਨ।

ਅਠਵੀਂ ਤੋਂ ਪੰਦਰਵੀਂ ਸਦੀ ਦੇ ਅੰਤ ਤਕ ਸਪੇਨ ਮੁਸਲਮਾਣਾਂ ਦੇ ਹਥ ਰਿਹਾ, ਪਰ ਜਦ ੧੪੯੨ ਵਿਚ ਇਨ੍ਹਾਂ ਦਾ ਰਾਜ ਖ਼ਤਮ ਹੋ ਗਿਆ, ਤਾਂ ਭੀ ਦੇਸ ਵਿਚ ਚੋਖਾ ਤੇ ਕਾਰਵੰਦਾ ਹਿਸਾ ਇਨ੍ਹਾਂ ਦੀ ਵਸੋਂ ਦਾ ਸੀ। ਉਸ ਵੇਲੇ ਈਸਾਈਆਂ ਦੀ ਨਵੀਂ ਹਕੂਮਤ ਅੱਗੇ ਉਹੋ ਸਵਾਲ ਪੇਸ਼ ਹੋਇਆ ਜੋ

ー੧੦੧ー