ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਮਜ਼੍ਹਬਾਂ ਨੂੰ ਇੱਕ ਕਰਨਾ ਤਾਂ ਔਖਾ ਸੀ, ਪਰ ਇਨ੍ਹਾਂ ਮਜ਼੍ਹਬਾਂ ਦੇ ਪਿੱਛੇ ਕੰਮ ਕਰਨ ਵਾਲੇ ਸਭਿਆਚਾਰੀ ਭਾਵਾਂ ਦਾ ਮੇਲ ਕਰਨਾ ਔਖਾ ਨਹੀਂ ਸੀ। ਇਹ ਮੇਲ ਅੱਗੇ ਹੀ ਸੂਫ਼ੀ ਮਤ ਵਾਲੇ ਖਿਆਲਾਂ ਵਿਚ ਚੋਖਾ ਸੀ। ਅਕਬਰ ਇਨ੍ਹਾਂ ਸੂਫ਼ੀਆਂ ਨੂੰ ਬਹੁਤ ਚਾਹੁੰਦਾ ਸੀ। ਹੋਰ ਲੋਕ ਭੀ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਣ, ਇਨ੍ਹਾਂ ਸੂਫ਼ੀਆਂ ਦੇ ਅਸਰ ਹੇਠਾਂ ਸਨ। ਇਸ ਅਸਰ ਨੇ ਮੁਲਕ ਵਿਚ ਖਿਆਲਾਂ ਦੀ ਇਕ ਸਾਂਝੀ ਰੌ ਪੈਦਾ ਕੀਤੀ, ਜਿਸ ਦੇ ਉਘੇ ੨ ਅੰਗ ਇਹ ਸਨ:

(੧) ਦੇਵੀ ਦੇਵਤਿਆਂ ਦੀ ਥਾਂ ਇਕ ਰੱਬ ਨੂੰ ਮੰਨਣਾ।

(੨) ਮਨੁੱਖਾਂ ਨੂੰ ਜਾਤ ਪਾਤ ਵਿਚ ਵੰਡਣ ਦੀ ਥਾਂ ਸਭ ਨੂੰ ਇਕੋ ਭਾਈਚਾਰਾ ਮੰਨਣਾ।

(੩) ਧਰਮ ਪਿਆਰ ਹੈ, ਨਾ ਕਿ ਗਿਆਨ ਜਾਂ ਕਰਮ।

(੪) ਬ੍ਰਾਹਮਣਾਂ, ਮੁਲਾਣਿਆਂ ਜਾਂ ਪੁਜਾਰੀਆਂ ਦੀ ਥਾਂ ਇਕ ਸਰਬ-ਸਾਂਝੇ ਗੁਰੂ ਜੀ ਪੀਰ ਦੀ ਲੋੜ।

(੫) ਸੰਸਕ੍ਰਿਤ ਦੀ ਥਾਂ ਆਪਣੀ ਲੋਕ-ਬੋਲੀ ਨੂੰ ਉਪਾਸਨਾ ਜਾਂ ਇਬਾਦਤ ਲਈ ਵਰਤਣਾ।

ਰੱਬ ਦੀ ਏਕਤਾ ਦੇ ਵਿਚਾਰ ਵਿਚ ਭੀ ਕੁਝ ਤਬਦੀਲੀ ਆਈ। ਹੁਣ ਉਹ ਪੂਰਬੀ ਫ਼ਿਲਸਫ਼ੇ ਵਾਲਾ ਨਿਰੀ ਇਕ ਨਿਰਗੁਣ ਮਨੌਤ ਨਹੀਂ ਸੀ ਰਿਹਾ, ਅਤੇ ਨਾ ਹੀ ਰਚਨਾ ਤੋਂ ਬਾਹਰਵਾਰ ਕੋਈ ਦੂਰ ਅਰਸ਼ਾਂ ਤੇ ਬੈਠੀ ਪਰੇ ਪਰੇਰੀ ਹਸਤੀ ਸੀ, ਜਿਸ ਦਾ ਖਿਆਲ ਮੁਸਲਮਾਣਾਂ ਨੇ ਆਪਣੇ ਨਾਲ ਲਿਆਂਦਾ ਸੀ। ਉਸ ਦੀ ਬਾਬਤ ਇਕ ਸਾਂਝਾ ਖਿਆਲ ਇਹ ਬਣਿਆ ਕਿ ਉਹ ਸਾਡੇ ਨਾਲ ਇਕ ਵਸਦੀ ਰਸਦੀ ਸ਼ਖ਼ਸੀਅਤ ਹੈ ਜੋ ਸਰਬ-ਵਿਆਪਕ ਹੋਣ ਦੇ ਬਾਵਜੂਦ ਨਿਰਲੇਪ ਤੇ ਅਗੰਮ ਹੈ।

'ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ।
ਬਰਨੁ ਨ ਦੀਸੈ ਚਿਹਨੁ ਨ ਲਖੀਐ, ਸੁਹਾਗਨਿ ਸਾਤਿ ਬੁਝਹੀਅਉ।੧।

ー੧੧੧ー