ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਸਰਬ-ਨਿਵਾਸੀ ਘਟਿ ਘਟਿ ਵਾਸੀ, ਲੇਪੁ ਨਹੀਂ ਅਲਪਹੀਅਉ।
ਨਾਨਕੁ ਕਹਤ ਸੁਨਹੁ ਰੇ ਲੋਗਾ, ਸੰਤ ਰਸਨ ਕੋ ਬਸਹੀਅਉ।੨।
(ਜੈਤਸਰੀ ਮ: ੫)

ਇਹ ਵਿਚਾਰ ਹਿੰਦੁਸਤਾਨ ਦੀਆਂ ਸਭਨਾਂ ਜਾਤੀਆਂ ਵਿਚ ਪਸਰ ਗਏ, ਤੇ ਇਨ੍ਹਾਂ ਨੇ ਆਪਸ ਵਿਚ ਦੇ, ਮਤ-ਭੇਦ ਤੇ ਪਖ-ਪਾਤ ਨੂੰ ਐਸਾ ਮਿਟਾਇਆ ਕਿ ਸਾਰਿਆਂ ਪਾਸਿਆਂ ਦੇ ਆਗੂ ਆਪੋ ਵਿਚ ਭਰਾਵਾਂ ਤੇ ਮਿਤਰਾਂ ਵਾਂਗ ਮਿਲਣ ਲਗ ਪਏ। ਸਾਡੇ ਦਿਲ ਕਿਡੇ ਖੁਸ਼ ਹੁੰਦੇ ਹਨ ਜਦ ਅਸੀਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਤੇ ਬਾਬਾ ਫਰੀਦ ਜੀ ਕਿਵੇਂ ਜੱਫੀ ਪਾ ਕੇ ਮਿਲਦੇ ਸਨ ਤੇ ਸਾਰੀ ਰਾਤ ਆਪਣੇ ਸਾਂਝੇ ਰੱਬ ਦੀਆਂ ਸਿਫ਼ਤਾਂ ਗਾਉਂਦੇ ਤੇ ਆਪਸ ਵਿਚ ਦੇ ਪਿਆਰ ਦੀਆਂ ਗਲਾਂ ਕਰਦੇ ਬਿਤਾਂਦੇ ਸਨ! ਖਿਆਲਾਂ ਦੀ ਸਾਂਝ ਇਤਨੀ ਵਧ ਗਈ ਸੀ ਕਿ ਜਦ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲੱਗੇ ਤਾਂ ਉਨ੍ਹਾਂ ਨੂੰ ਆਪਣੀ ਬਾਣੀ ਦੇ ਨਾਲ ਹਿੰਦੂ ਤੇ ਮੁਸਲਮਾਣ ਫਕੀਰਾਂ ਦੀ ਬਾਣੀ ਚੜ੍ਹਾਣ ਲਗਿਆਂ ਕੋਈ ਸੰਗ ਨਾ ਜਾਪੀ।

ਇਹ ਤਰੀਕੇ ਸਨ ਜਿਨ੍ਹਾਂ ਨਾਲ ਅੱਗੇ ਹਿੰਦੁਸਤਾਨ ਵਿਚ ਏਕਤਾ ਆਈ ਸੀ। ਅਤੇ ਹੁਣ ਵੀ ਜੇਕਰ ਅਸੀਂ ਇਕ-ਮੁਠ ਹੋਣਾ ਹੈ ਤਾਂ ਏਹੋ ਜਹੇ ਤਰੀਕੇ ਵਰਤਣੇ ਪੈਣਗੇ। ਪਰ ਅਸੀਂ ਤਾਂ ਇਨ੍ਹਾਂ ਵਿਚੋਂ ਹਰ ਇਕ ਤਰੀਕੇ ਦੇ ਉਲਟ ਜਾ ਰਹੇ ਹਾਂ। ਸਾਰੇ ਹਿੰਦੁਸਤਾਨ ਲਈ ਇਕ ਜ਼ਬਾਨ ਪ੍ਰਚਲਤ ਕਰਨ ਦੀ ਥਾਂ ਅਸੀਂ ਹਿੰਦੀ ਨੂੰ ਨਰੋਲ ਹਿੰਦੂ ਰੰਗ ਦੇ ਕੇ ਇਸ ਵਿਚ ਸੰਸਕ੍ਰਿਤ ਦੇ ਛੁਟੜ ਲਫ਼ਜ਼ ਭਰ ਰਹੇ ਹਾਂ, ਜਿਵੇਂ ਕਿ ਮੁਸਲਮਾਣਾਂ ਦਾ ਇਸ ਨਾਲ ਕੋਈ ਵਾਸਤਾ ਹੀ ਨਹੀਂ ਹੁੰਦਾ, ਅਤੇ ਉਰਦੂ ਨੂੰ ਫ਼ਾਰਸੀ ਦੀ ਅਜੇਹੀ ਪੁੱਠ ਚਾੜ੍ਹ ਰਹੇ ਹਾਂ ਕਿ ਹਿੰਦੂ ਇਸ ਦੇ ਨਾਂ ਤੋਂ ਕਤਰਾਂਦੇ ਹਨ। ਇਨ੍ਹਾਂ ਵਿਚੋਂ ਕਿਸੇ ਇਕ ਲਈ ਇਹ ਦਾਹਵਾ ਕਰਨਾ ਹੀ ਕਾਫ਼ੀ

ー੧੧੨ー