ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਜ਼ਮਾਨਾ

ਇਸ ਨਵੇਂ ਜ਼ਮਾਨੇ ਦੀ ਵੱਡੀ ਤੋਂ ਵੱਡੀ ਲਭਤ ਮਨੁੱਖਤਾ ਦੀ ਕਦਰ ਹੈ। ਅੱਗੇ ਸੰਸਾਰ ਵਿਚ ਵਡਿਆਈ ਕਰਾਮਾਤੀ ਪੁਰਸ਼ਾਂ ਜਾਂ ਅਵਤਾਰਾਂ ਦੀ ਹੁੰਦੀ ਸੀ। ਜਿਹੜਾ ਮਨੁੱਖ ਭੀ ਕਿਸੇ ਵੱਡੇ ਕੰਮ ਲਈ ਉਘਾ ਹੁੰਦਾ, ਉਸ ਨੂੰ ਲੋਕ ਮਨੁੱਖਤਾ ਦੇ ਦਰਜੇ ਤੋਂ ਉਚਿਆ ਕੇ ਅਵਤਾਰ ਜਾਂ ਸਾਖਿਆਤ ਰੱਬ ਮੰਨਣ ਲੱਗ ਪੈਂਦੇ ਸਨ। ਮਨੁੱਖ ਨੂੰ ਮਨੁੱਖ ਦੇ ਤੌਰ ਤੇ ਉੱਚਾ ਨਹੀਂ ਸਨ ਮੰਨਦੇ। ਇਤਿਹਾਸ ਵਿਚ ਕਈ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹ ਮਲੂਮ ਹੁੰਦਾ ਹੈ ਕਿ ਕਈ ਨੀਚ ਜ਼ਾਤ ਦੇ ਲੋਕ ਭੀ ਉੱਚੇ ਮੰਨੇ ਗਏ। ਭੀਲਣੀ ਦੇ ਜੂਠੇ ਬੇਰ ਸ੍ਰੀ ਰਾਮ ਚੰਦਰ ਨੇ ਖਾਧੇ। ਕਬੀਰ ਜੁਲਾਹਿਆ, ਨਾਮਦੇਵ ਛੀਂਬਾ, ਰਵਿਦਾਸ ਚਮਾਰ ਆਦਿ ਨਿੰਕੀਆਂ ਜਾਤਾਂ ਵਾਲੇ ਵੱਡੇ ਮੰਨੇ ਗਏ। ਪਰ ਇਨ੍ਹਾਂ ਮਿਸਾਲਾਂ ਵਿਚ ਕਸਰ ਇਹ ਰਹਿ ਜਾਂਦੀ ਸੀ ਕਿ ਇਹ ਭਗਤ ਲੋਕ ਭਗਤੀ ਕਰ ਕੇ ਉੱਚੇ ਹੋਏ; ਓਹ ਇਸ ਲਈ ਕਦਰ ਦੇ ਯੋਗ ਹੋਏ ਕਿ ਉਨ੍ਹਾਂ ਦੇ ਅੰਦਰ ਕਦਰ ਦੇ ਯੋਗ ਰੱਬ ਸੀ। ਜੁਲਾਹਿਆਂ ਵਿਚੋਂ ਕੇਵਲ ਕਬੀਰ ਹੀ ਉੱਚਾ ਮੰਨਿਆ ਗਿਆ; ਹੋਰ ਜੁਲਾਹੇ ਨੀਵੇਂ ਹੀ ਰਹੇ। ਚਮਾਰਾਂ ਵਿਚੋਂ ਕੇਵਲ ਰਵਿਦਾਸ ਦੀ ਇੱਜ਼ਤ ਦੇ ਲਾਇਕ ਬਣਿਆ। ਰਵਿਦਾਸ ਆਪ ਬੜੇ ਫ਼ਖ਼ਰ ਨਾਲ ਕਹਿੰਦਾ ਹੈ ਕਿ ਦੇਖੋ ਭਗਤੀ ਦੇ ਕਾਰਣ ਮੈਨੂੰ ਲੋਕ ਹੁਣ ਇਤਨਾ ਉੱਚਾ ਮੰਨਦੇ ਹਨ ਕਿ 'ਅਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ', ਵਡੇ ਵਡੇ ਬ੍ਰਾਹਮਣ ਆ ਕੇ ਵਿਧੀ ਸਹਿਤ ਮੇਰੇ ਅਗੇ ਨਿਉਂਦੇ ਹਨ; ਪਰ ਮੇਰੇ ਨਾਲ ਦੇ ਚਮਾਰ ਅਜੇ ਤਕ ਉਸੇ ਤਰ੍ਹਾਂ ਬਨਾਰਸ ਦੇ ਆਸ ਪਾਸ ਢੋਰ ਪਏ ਢੋਂਦੇ ਹਨ; ਉਨ੍ਹਾਂ ਨੂੰ ਕੋਈ ਪੁਛਦਾ ਭੀ ਨਹੀਂ। ਨਵੀਂ ਸਭਿੱਤਾ ਦੇ ਗੁਰੂ ਦਸਮੇਸ਼ ਜੀ ਨੇ ਦਸਿਆ ਕਿ "ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ"; "ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ਼ ਓ ਆਬ ਕੋ ਰਲਾਓ ਹੈ।" ਜਿਹੜੇ ਜਿਹੜੇ ਮਨੁੱਖ, ਦੋ ਅੱਖਾਂ ਵਾਲੇ, ਦੋ ਕੰਨਾਂ ਵਾਲੇ ਤੇ ਇੱਕੋ ਜਹੇ ਸਰੀਰ ਵਾਲੇ ਹਨ ਜੋ ਚਾਰ ਤੱਤਾਂ ਤੋਂ ਬਣਿਆ ਹੈ, ਓਹ ਇਕ-ਸਮਾਨ ਹਨ। ਇਹ ਸਿਖਿਆ ਨਵੀਨ ਜ਼ਮਾਨੇ ਦੀ ਹੈ, ਜੋ ਪੱਛਮ ਤੇ ਪੂਰਬ ਵਿਚ ਮੁਹੱਜ਼ਬ ਦੁਨੀਆਂ

ー੯ー