ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਪਾਸ ਜਿਹੜਾ ਕੁਝ ਥੋੜਾ ਜਿਹਾ ਤੋਸ਼ਾ ਸੀ, ਉਹ ਗੁਰੂ ਜੀ ਥੋੜ੍ਹੇ ਜਿਹੇ ਦਿਨਾਂ ਵਿਚ ਹੀ ਮੁਕਾ ਬੈਠੇ ਅਤੇ ਅਗੋਂ ਉਸ ਨੂੰ ਪੜ੍ਹਾਣਾ ਆਵੇ ਨਾ, ਇਸ ਲਈ ਗੁਰੂ ਜੀ ਉਸ ਤੋਂ ਉਠ ਕੇ ਫ਼ਾਰਸੀ ਵਾਲੇ ਪਾਸ ਗਏ ਅਤੇ ਉਸ ਪਾਸੋਂ ਫ਼ਾਰਸੀ ਲਿਖਣੀ ਪੜ੍ਹਨੀ ਸਿਖੀ ਅਤੇ ਮੁਸਲਮਾਣੀ ਮਤਿ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ। ਕੁਝ ਚਿਰ ਮਗਰੋਂ ਸੰਸਕ੍ਰਿਤ ਪੜ੍ਹਨੀ ਭੀ ਸਿਖੀ। ਮੈਕਾਲਿਫ਼ ਲਿਖਦਾ ਹੈ ਕਿ ਪਿੰਡ ਤੋਂ ਬਾਹਰ ਜੰਗਲ ਹੀ ਜੰਗਲ ਸੀ, ਜਿਸ ਵਿਚ ਕਈ ਪੜ੍ਹੇ ਹੋਏ ਸੰਤ ਮਹਾਤਮਾਂ ਰਹਿੰਦੇ ਸਨ। ਉਨ੍ਹਾਂ ਦੇ ਪਾਸ ਅਕਸਰ ਗੁਰੂ ਜੀ ਆਂਦੇ ਜਾਂਦੇ ਸਨ। ਹਿੰਦੂ ਮਤਿ ਦੇ ਗਰੰਥਾਂ ਦਾ ਮੁਤਾਲਿਆ, ਇਹਨੀ ਦਿਨੀਂ ਕੀਤਾ ਹੋਣਾ ਹੈ। ਇਹ ਮੁਤਾਲੇ ਦਾ ਕੰਮ ਬਹੁਤ ਸਾਰਾ ਗੁਰੂ ਜੀ ਨੇ ਆਪ ਕੀਤਾ।

ਜਦ ਸੁਲਤਾਨਪੁਰ ਦੇ ਨਵਾਬ ਪਾਸ ਭਾਈਏ ਜੈਰਾਮ ਹੋਰਾਂ ਨੇ ਗੁਰੂ ਜੀ ਲਈ ਨੌਕਰੀ ਦੀ ਸਫਾਰਸ਼ ਕੀਤੀ ਤਾਂ ਨਾਲ ਇਹੋ ਕਿਹਾ ਸੀ ਕਿ ਨਾਨਕ ਚੰਗਾ ਪੜ੍ਹਿਆ ਲਿਖਿਆ ਆਦਮੀ ਹੈ, ਅਤੇ ਕੰਮ ਭੀ ਉਹ ਸੌਂਪਿਆ ਗਿਆ, ਜਿਸ ਵਿਚ ਲਿਖਤ ਪੜ੍ਹ ਅਤੇ ਲੇਖਾ ਕਰਨ ਦੀ ਲੋੜ ਪੈਂਦੀ ਸੀ। ਇਸ ਤੋਂ ਸਾਬਤ ਹੋਇਆ ਕਿ ਗੁਰੂ ਜੀ ਪੜ੍ਹੇ ਲਿਖੇ ਸਨ।

ਜਦ ਸੁਲਤਾਨਪੁਰ ਛੱਡ ਕੇ ਗੁਰੂ ਜੀ ਨੇ ਦੇਸ ਦਾ ਰਟਨ ਕਰਨਾ ਅਰੰਭਿਆ, ਤਾਂ ਗੁਰੂ ਜੀ ਖ਼ਾਸ ਕਰਕੇ ਉਨ੍ਹਾਂ ਥਾਵਾਂ ਤੇ ਗਏ, ਜਿਥੇ ਹਿੰਦੂਆਂ ਤੇ ਮੁਸਲਮਾਣਾਂ ਦੇ ਚੋਟੀ ਦੇ ਵਿਦਵਾਨਾਂ ਦੇ ਅੱਡੇ ਸਨ। ਉਨ੍ਹਾਂ ਦੇ ਨਾਲ ਚਰਚਾ ਕਰਨ ਲਈ ਉਨ੍ਹਾਂ ਦੀਆਂ ਪੁਸਤਕਾਂ ਤੇ ਧਾਰਮਕ ਅਸੂਲਾਂ ਦੀ ਡੂੰਘੀ ਵਾਕਫ਼ੀ ਦੀ ਲੋੜ ਸੀ। ਡਾ: ਗੋਕਲ ਚੰਦ ਜੀ ਨਾਰੰਗ ਮੰਨਦੇ ਹਨ ਕਿ:———

"The Nawab of Sultanpur, the Qazis of Mecca, the Pandits of Hardwar, and the Pandits of Kurukshetra; every one bowed before his manly courage and fearless logic of facts" (Transformation of Sikhism, P. 10).

ー੧੨੨ー