ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਗੁਰੂ ਨਾਨਕ ਦੇਵ ਪੜ੍ਹੇ ਹੋਏ ਸਨ?

[ਨਵਾਬ ਸੁਲਤਾਨ ਪੁਰ, ਮੱਕੇ ਦੇ ਕਾਜ਼ੀ, ਹਰਦਵਾਰ ਦੇ ਪੰਡਤ ਅਤੇ ਕੁਰਖੇਤਰ ਦੇ ਪਾਂਡੇ ਸਭ ਲੋਕ ਗੁਰੂ ਜੀ ਦੀ ਦਲੇਰੀ ਅਤੇ ਵਾਕਿਆਤ ਦੇ ਨਿਰਭੈ ਗਿਆਨ ਤੇ ਦਲੀਲ ਵੇਖ ਕੇ ਉਨ੍ਹਾਂ ਅੱਗੇ ਸਿਰ ਝੁਕਾਂਦੇ ਸਨ।]

ਪੰਡਤਾਂ ਤੇ ਮੌਲਵੀਆਂ ਉਤੇ ਦਿਗ-ਬਿਜੈ ਤਦ ਹੀ ਕਰ ਸਕਦੇ ਸਨ ਜੇਕਰ ਉਹ ਆਪ ਉਨ੍ਹਾਂ ਪਾਸੋਂ ਵਧੇਰੇ ਵਿਦਵਾਨ ਹੋਣ ਅਤੇ ਨਿਰੀਆਂ ਸੁਣੀਆਂ ਸੁਣਾਈਆਂ ਗੱਲਾਂ ਦਾ ਆਸਰਾ ਲੈਣ ਦੀ ਥਾਂ ਖੋਜ ਭਰੀਆਂ ਗੱਲਾਂ ਕਰ ਸੱਕਣ।

ਗੁਰੂ ਜੀ ਦੀ ਆਪਣੀ ਬਾਣੀ ਦੀ ਰਚਨਾ ਤੇ ਖਿਆਲਾਂ ਉਤੇ ਵਿਚਾਰ ਕਰ ਕੇ ਵੇਖੀਏ, ਤਾਂ ਭੀ ਮੰਨਣਾ ਪਏਗਾ ਕਿ ਗੁਰੂ ਜੀ ਦੀ ਵਿਦਵਤਾ ਬਹੁਤ ਉੱਚੀ ਅਤੇ ਬਾਕਾਇਦਾ ਸੀ। ਇਕ ਜਪੁਜੀ ਤੇ ਆਸਾ ਦੀ ਵਾਰ ਦੀਆਂ ਪਉੜੀਆਂ ਦੀ ਸਿਲਸਿਲੇਵਾਰ ਰਚਨਾ ਅਤੇ ਉਨ੍ਹਾਂ ਵਿਚ ਦੇ ਖ਼ਿਆਲ ਦੀ ਲੜੀ ਨੂੰ ਹੀ ਲੈ ਕੇ ਦੇਖੋ, ਤਾਂ ਗੁਰੂ ਜੀ ਦੀ ਵਿਦਵਤਾ ਦਾ ਸਿੱਕਾ ਮੰਨਣਾ ਪਏਗਾ। "ਮਨਿ ਜੀਤੈ ਜਗੁ ਜੀਤ", "ਸਚੁ ਪੁਰਾਣਾ ਹੋਵੈ ਨਾਹੀ", "ਸਤੁ ਸੁਹਾਣੁ ਸਦਾ ਮਨਿ ਚਾਉ", "ਮਿਠਤਿ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ", ਆਦਿ ਤੁਕਾਂ ਦੀ ਬਣਾਵਟ ਤੇ ਖ਼ਿਆਲ ਹੀ ਦਸਦੇ ਹਨ ਕਿ ਕਿਸੇ ਆਲਮ ਤੇ ਸਾਹਿੱਤ ਦੇ ਜਾਣੂ ਦੇ ਲਿਖੇ ਹੋਏ ਹਨ।

"ਨਾਨਕ ਮੇਰੁ ਸਰੀਰ ਕਾ, ਇਕ ਰਥੁ ਇਕੁ ਰਬਵਾਹੁ। ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ" (ਆਸਾ ਦੀ ਵਾਰ)। ਇਨ੍ਹਾਂ ਤੁਕਾਂ ਵਿਚ ਜੋ ਰਥ ਦਾ ਜਿਕਰ ਆਇਆ ਹੈ, ਉਸ ਨੂੰ ਪੁਰਾਣੀਆਂ ਪੁਸਤਕਾਂ ਦੇ ਪੜ੍ਹੇ ਹੋਏ ਗਿਆਨੀ ਹੀ ਸਮਝ ਸਕਦੇ ਹਨ। ਮਸਲਨ, 'ਮਲਿੰਦਾ ਪਨਹਾ' ਵਿੱਚ ਤੇ 'ਕਾਠੋਪਨਿਸ਼ਦ' ਵਿਚ ਸਰੀਰ ਨੂੰ ਰਥ ਨਾਲ ਤਸ਼ਬੀਹ ਦਿਤੀ ਹੈ। ਰਥ ਤੇ ਰਥਵਾਨ ਦਾ ਜੁਗ ਜੁਗ ਅਨੁਸਾਰ ਵਟਾਣ ਵਾਲਾ ਖਿਆਲ ਭੀ ਵਿਦਵਾਨ ਲੋਕ ਹੀ ਸਮਝ ਸਕਦੇ ਹਨ।

ー੧੨੩ー