ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਦੇ ਆਗੂ ਦੇ ਦੇ ਕੇ ਮਨੁੱਖਾਂ ਨੂੰ ਉਚਿਆ ਰਹੇ ਸਨ। ਇਸੇ ਸਿਖਿਆ ਦੇ ਸਦਕੇ ਮੁਲਕਾਂ ਵਿਚੋਂ ਗੁਲਾਮ ਰਖਣ ਦਾ ਰਿਵਾਜ ਹਟਿਆ ਤੇ ਹਟ ਰਿਹਾ ਹੈ। ਇਸੇ ਸਿਖਿਆ ਦੇ ਸਦਕੇ ਵੇਗਾਰ ਦੂਰ ਹੁੰਦੀ, ਆਮ ਜਨਤਾ ਦੇ ਹੱਕਾਂ ਦੀ ਸੋਝੀ ਅਤੇ ਲੋਕ-ਰਾਜ ਦੀ ਕਾਇਮੀ ਹੋ ਰਹੀ ਹੈ।

ਇਹ ਲੋਕ-ਰਾਜ ਦਾ ਭਾਵ ਤਦ ਤੋਂ ਸ਼ੁਰੂ ਨਹੀਂ ਹੋਇਆ ਜਦ ਤੋਂ ਲੋਕੀ ਵੋਟ ਦੇਣ ਜਾਂ ਬਹੁ-ਸਮਤੀ ਨਾਲ ਮਤੇ ਪਾਸ ਕਰਨੇ ਸਿਖੇ ਹਨ, ਬਲਕਿ ਤਦ ਤੋਂ ਸ਼ੁਰੂ ਹੋਇਆ ਜਦ ਤੋਂ ਇਕ ਮਨੁੱਖ ਆਪਣੇ ਗਵਾਂਢੀ ਦੇ ਹੱਕਾਂ ਦੀ ਸੋਝੀ ਰਖਣ ਲੱਗਾ, ਅਤੇ ਆਪਣੇ ਹੱਕਾਂ ਦੇ ਨਾਲ ਨਾਲ ਹੋਰਨਾਂ ਦੇ ਹੱਕਾਂ ਲਈ ਲੜਨਾ ਤੇ ਮਰਨਾ ਸਿਖਣ ਲੱਗਾ। ਇਸ ਨਵੀਨ ਸਮੇਂ ਦੀ ਮੁਢ ਤਦ ਤੋਂ ਬੱਝਣ ਲਗਾ, ਜਦ ਤੋਂ ਮਨੁੱਖ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਜਿਹੜਾ ਮੇਰਾ ਖ਼ਿਆਲ ਹੈ, ਉਹ ਕੁਝ ਗ਼ਲਤ ਹੋ ਸਕਦਾ ਹੈ ਤੇ ਕਿਸੇ ਹੋਰ ਦਾ ਸਹੀ ਹੋ ਸਕਦਾ ਹੈ; ਯਾ ਇਹ ਕਿ ਜਿਹੜਾ ਮੇਰਾ ਅਸੂਲ ਹੈ, ਉਸ ਦੇ ਮੁਕਾਬਲੇ ਤੇ ਕਿਸੇ ਹੋਰ ਦਾ ਭੀ ਠੀਕ ਹੋ ਸਕਦਾ ਹੈ। ਸਚਾਈ ਅਸਲ ਵਿਚ ਤਾਂ ਇੱਕ ਹੈ, ਪਰ ਉਸ ਨੂੰ ਮਨੁੱਖੀ ਗਿਆਨ ਪੂਰੀ ਤਰ੍ਹਾਂ ਨਹੀਂ ਲਭ ਸਕਦਾ। ਜੇ ਪੂਰਣ ਪੁਰਖ ਮਹਾਤਮਾ ਲਭ ਕੇ ਦਸ ਵੀ ਜਾਣ, ਤਾਂ ਉਨ੍ਹਾਂ ਦੇ ਪੈਰੋਕਾਰ ਉਸ ਦੇ ਸਮਝਣ ਵਿਚ ਕਸਰ ਖਾ ਜਾਂਦੇ ਹਨ। ਇਸ ਲਈ ਆਪਣੀ ਲਭੀ ਹੋਈ ਸਚਾਈ ਨੂੰ ਹੋਰਨਾਂ ਦੀਆਂ ਲਭੀਆਂ ਹੋਈਆਂ ਸਚਾਈਆਂ ਦੇ ਟਾਕਰੇ ਤੇ ਪੂਰਾ ਨਹੀਂ ਮੰਨ ਲੈਣਾ ਚਾਹੀਦਾ। ਅਗਲੇ ਜ਼ਮਾਨੇ ਦੇ ਵਿਚਾਰਵਾਨ ਲੋਕ ਆਪਣੀ ਲਭੀ ਸਚਾਈ ਨੂੰ ਹੀ ਅਟੱਲ ਤੇ ਪੂਰਨ ਮੰਨ ਲੈਂਦੇ ਸਨ ਅਤੇ ਹੋਰਨਾਂ ਦੀ ਲਭੀ ਸਚਾਈ ਨੂੰ ਝੂਠ ਜਾਂ ਕੁਫਰ ਕਰਕੇ ਸਮਝਦੇ ਸਨ। ਇਸੇ ਕਰਕੇ ਪੁਰਾਣੇ ਧਾਰਮਿਕ ਆਗੂਆਂ ਦੇ ਇਹੋ ਜਹੇ ਕਥਨ ਮਿਲਦੇ ਹਨ: 'ਮੈਂ ਹਾਂ ਦਰਵਾਜ਼ਾ ਮੁਕਤੀ ਦਾ। ਜਿਸ ਕਿਸੇ ਨੇ ਰੱਬ ਪਾਸ ਜਾਣਾ ਹੋਵੇ ਉਹ ਮੇਰੇ ਪਾਸ ਆਵੇ।'

ー੧੦ー