ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਜ਼ਮਾਨਾ

ਨਵੀਨ ਜ਼ਮਾਨੇ ਦੀ ਸਭ ਤੋਂ ਪਹਿਲੀ ਅਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ। ਉਨ੍ਹਾਂ ਨੇ ਆਪਣੇ ਧਰਮ ਦੀ ਨੀਂਹ "ਸਚ" ਤੇ ਰਖੀ। ਰੱਬ ਨੂੰ "ਆਦਿ ਸਚੁ ਜੁਗਾਦਿ ਸਚੁ" ਆਖਿਆ, ਅਤੇ ਮਨੁਖ ਨੂੰ ਭੀ "ਸਚਿਆਰ" ਹੋਣ ਲਈ ਜਾਂ ਸਚਖੰਡ ਪਹੁੰਚਣ ਲਈ ਸੱਦਾ ਦਿੱਤਾ। ਪਰ "ਸਚ" ਦਾ ਨਿਰਨਾ ਕਰਨ ਵੇਲੇ ਇਹ ਹੱਠ ਨਹੀਂ ਕੀਤਾ ਕਿ ਸਾਰਾ ਸੱਚ ਸਾਡੇ ਪਾਸ ਹੀ ਹੈ, ਤੇ ਹੋਰ ਕਿਸੇ ਪਾਸ ਸੱਚ ਹੈ ਈ ਨਹੀਂ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਹੇ ਵਾਹਿਗੁਰੂ! ਇਹ ਸੰਸਾਰ ਸੜ ਰਿਹਾ ਹੈ, ਇਸ ਨੂੰ ਬਚਾ ਲੈ। ਮੈਂ ਨਹੀਂ ਕਹਿੰਦਾ ਕਿ ਮੇਰੀਆਂ ਹੀ ਬਾਲਟੀਆਂ ਨਾਲ ਇਹ ਅੱਗ ਬੁਝੇ। ਜੇ ਹੋਰ ਕੋਈ ਸੱਜਣ ਭੀ ਬਾਲਟੀਆਂ ਪਾਣ ਦਾ ਉੱਦਮ ਕਰਨ ਤਾਂ ਉਨ੍ਹਾਂ ਦੇ ਰਾਹੋਂ ਭੀ ਅੱਗ ਨੂੰ ਬੁਝਾਉਣ ਦੀ ਕਿਰਪਾਲਤਾ ਕਰ। ਅਰਥਾਤ ਕੇਵਲ ਸਿੱਖ ਧਰਮ ਹੀ ਮੁਕਤੀ ਦੇਣ ਵਾਲਾ ਨਹੀਂ; ਮੁਹੰਮਦ ਸਾਹਿਬ, ਹਜ਼ਰਤ ਈਸਾ, ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ ਆਦਿ ਦੇ ਮੰਨਣ ਵਾਲੇ ਭੀ ਤਰ ਸਕਦੇ ਹਨ। ਇਸੇ ਖ਼ਿਆਲ ਨਾਲ ਪੰਚਮ ਪਾਤਸ਼ਾਹ ਨੇ ਆਪਣੇ ਅਸੂਲਾਂ ਨੂੰ ਨਿਰੋਲ ਰਖਣ ਦੇ ਬਾਵਜੂਦ ਭਗਤਾਂ ਦੀ ਪ੍ਰੇਮ-ਪੂਰਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੜ੍ਹਾਇਆ ਤੇ ਇਸ ਗਲ ਦੀ ਪ੍ਰਵਾਹ ਨਾ ਕੀਤੀ ਕਿ ਫ਼ਰੀਦ ਆਵਾਗਉਣ ਨੂੰ ਨਹੀਂ ਮੰਨਦਾ (ਗੋਰਾਂ ਸੇ ਨਿਮਾਣੀਆਂ ਬਹਸਨਿ ਰੂਹਾਂ ਮਲਿ) ਜਾਂ ਧੰਨਾ ਪੱਥਰ ਪੂਜਦਾ ਸੀ।

ਇਹ ਖ਼ਿਆਲ ਨਵੀਨ ਜ਼ਮਾਨੇ ਦਾ ਅਰੰਭ ਹੈ। ਇਸੇ ਤੋਂ ਧਾਰਮਕ ਤੇ ਪਲੀਟੀਕਲ ਰਵਾਦਾਰੀ ਪੈਦਾ ਹੁੰਦੀ ਹੈ। ਇਸੇ ਉਤੇ ਜਥੇਬੰਦੀਆਂ ਦੀ ਨੀਂਹ ਰਖੀ ਜਾ ਸਕਦੀ ਹੈ। ਇਸੇ ਨਾਲ ਮਨੁੱਖਾਂ ਅਤੇ ਕੌਮਾਂ ਦੀ ਆਪੋ ਵਿਚ ਦੀ ਬਰਾਬਰੀ ਮੰਨੀ ਜਾ ਸਕਦੀ ਹੈ। ਜੇਕਰ ਕਿਸੇ ਜਥੇਬੰਦੀ ਦਾ ਹਰ ਇਕ

ー੧੧ー