ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

'ਉਜਲ ਕੈਹਾ ਚਿਲਕਣਾ' ਵਾਲਾ ਸ਼ਬਦ) ਉਸ ਨੂੰ ਐਸੇ ਸਾਊ ਤਰੀਕੇ ਨਾਲ ਸਮਝਾਇਆ ਹੈ ਕਿ ਉਸ ਨੂੰ ਅੰਦਰੋ ਅੰਦਰੀ ਸ਼ਰਮ ਆਵੇ ਤਾਂ ਪਈ ਆਵੇ, ਪਰ ਬਾਹਰੋਂ ਗੁਰੂ ਜੀ ਦੇ ਸਾਹਮਣੇ ਮੂੰਹ ਕਜਣ ਦੀ ਲੋੜ ਨਾ ਪਏ। ਪਹਿਲਾਂ ਉਸ ਦੇ ਨਾਂ ਉੱਤੇ ਟਕੋਰ ਕਰਦੇ ਹਨ:

'ਸਜਣ ਸੇਈ ਨਾਲਿ ਮੈ ਚਲਦਿਆ ਨਾਲ ਚਲੰਨਿ।
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।'

ਫੇਰ ਬਾਹਰੋਂ ਚਿਤਰੇ ਹੋਏ ਕੋਠਿਆਂ, ਤੀਰਥਾਂ ਉਤੇ ਬੈਠੇ ਬਗਲਿਆਂ, ਉਚੇ ਲੰਮੇ ਸਿੰਮਲ ਰੁਖ ਵਲ ਇਸ਼ਾਰਾ ਕਰ ਕੇ ਉਸ ਦਾ ਧਿਆਨ ਆਪਣੀ ਦੰਭ ਵਾਲੀ ਜਿੰਦਗੀ ਵਲ ਦੁਆਂਦੇ ਹਨ। ਪਰ ਕਿਤੇ ਵੀ ਇਹ ਮਹਿਸੂਸ ਹੋਣ ਨਹੀਂ ਦਿੰਦੇ ਕਿ ਉਹ ਨੀਵਾਂ ਹੈ ਤੇ ਗੁਰੂ ਜੀ ਉਸ ਤੋਂ ਉਚੇ ਹਨ। ਬਲਕਿ ਇਹ ਆਖ ਕੇ ਆਪਣੇ ਆਪ ਨੂੰ ਉਸ ਦੇ ਨਾਲ ਸ਼ਾਮਲ ਕਰ ਲੈਂਦੇ ਹਨ:

'ਅੰਧਲੇ ਭਾਰੁ ਉਠਾਇਆ, ਡੂੰਗਰ ਵਾਟ ਬਹੁਤੁ।
ਅਖੀ ਲੋੜੀ ਨਾ ਲਹਾ, ਹਉ ਚੜਿ ਲੰਘਾ ਕਿਤੁ?'

ਉਹ ਨਹੀਂ ਕਹਿੰਦੇ ਕਿ ਹੇ ਸਜਣ! ਤੂੰ ਅੰਨ੍ਹਾ ਹੈਂ, ਤੂੰ ਪਾਪਾਂ ਦਾ ਭਾਰ ਸਿਰ ਤੇ ਚੁਕਿਆ ਹੋਇਆ ਹੈ। ਨਹੀਂ, ਸਗੋਂ ਆਪਣੇ ਆਪ ਨੂੰ ਕਹਿੰਦੇ ਹਨ ਕਿ ਮੈਂ ਅੰਨ੍ਹਾ ਹਾਂ, ਮੈਂ ਸਿਰ ਤੇ ਭਾਰ ਚੁਕਿਆ ਹੈ, ਤੇ ਰਸਤਾ ਬਹੁਤ ਪਹਾੜੀ ਹੈ, ਅੱਖਾਂ ਨਾਲ ਟੋਲਦਾ ਹਾਂ ਪਰ ਰਸਤਾ ਲਭਦਾ ਨਹੀਂ, ਮੈਂ ਕਿਵੇਂ ਚੜ੍ਹ ਕੇ ਪਾਰ ਹੋਵਾਂ?

ਇਸੇ ਤਰ੍ਹਾਂ ਇਕ ਵੇਰ ਲੋਕੀ ਇਕ ਤੀਵੀਂ ਨੂੰ ਬਦਕਾਰੀ ਕਰਦਿਆਂ ਫੜ ਕੇ ਈਸਾ ਜੀ ਪਾਸ ਲਿਆਏ। ਈਸਾ ਜੀ ਨੇ ਲੋਕਾਂ ਨੂੰ ਤਾਂ ਆਪਣੀ ਨੇਕੀ ਦੀ ਹੈਂਕੜ ਉਤੇ ਸ਼ਰਮਿੰਦਾ ਕਰ ਕੇ ਤੋਰ ਦਿਤਾ, ਪਰ ਤੀਵੀਂ ਉਥੇ ਹੀ ਜਿਮੀਂ ਤੇ ਬੈਠੀ ਰਹਿ ਗਈ। ਉਹ ਨਜ਼ਾਰਾ ਬੜਾ ਦਰਦਨਾਕ ਹੈ। ਇਕ ਪਾਸੇ ਪਾਪ ਤੋਂ ਸ਼ਰਮ ਖਾਂਦੀ ਇਸਤਰੀ ਬੈਠੀ

ー੧੪੬ー