ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹਲੀਆਂ ਗੱਲਾਂ

ਥਾਂ ਹਰ ਵੇਲੇ ਲਗੀ ਰਹਿੰਦੀ ਹੈ। ਇਸ ਵਿਚ ਆਮ ਰਾਇ ਬਣਦੀ, ਵੱਡੀਆਂ ਵੱਡੀਆਂ ਗੱਲਾਂ ਦੇ ਫੈਸਲੇ ਹੁੰਦੇ, ਕੌਮਾਂ ਉਸਰਦੀਆਂ, ਨਿਸਰਦੀਆਂ ਤੇ ਢਹਿੰਦੀਆਂ ਹਨ। ਕੌਂਸਲਾਂ ਤੇ ਐਸੰਬਲੀਆਂ ਵਿਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ, ਪਰ ਪਹਿਲਾਂ ਓਹ ਮਤੇ ਇਥੇ ਬਣਦੇ, ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ ਫ੍ਹੇਲ ਕਰਨ ਦੇ ਮਨਸੂਬੇ ਬੱਝਦੇ ਹਨ। ਜੋ ਜੋ ਖ਼ਿਆਲ ਅੰਤਮ ਸ਼ਕਲ ਵਿਚ ਅਖਬਾਰਾਂ ਮੇਗਜ਼ੀਨਾਂ ਤੇ ਕਿਤਾਬਾਂ ਵਿਚ ਪ੍ਰਕਾਸ਼ਤ ਹੁੰਦੇ ਹਨ, ਪਹਿਲਾਂ ਵਿਹਲੀਆਂ ਗੱਪਾਂ ਦੀ ਸ਼ਕਲ ਵਿਚ ਇਧਰ ਉਧਰ ਗੇੜੇ ਲਾਂਦੇ ਰਹਿੰਦੇ ਹਨ। ਜਦ ਓਹ ਇਸ ਛੱਜ ਵਿਚੋਂ ਛਟ ਛਟੀ ਕੇ ਸਾਫ਼ ਹੋ ਕੇ ਸਾਰੀ ਜਨਤਾ ਦੇ ਸਾਮ੍ਹਣੇ ਆਉਂਦੇ ਹਨ ਤਾਂ ਵਧੇਰੇ ਪ੍ਰਮਾਣੀਕ ਗਿਣੇ ਜਾਂਦੇ ਹਨ। ਪਰ ਕੀ ਇਹ ਛਟਣ ਛਟਾਣ ਵਾਲਾ ਕੰਮ ਨਿਕੰਮਾ ਹੈ? ਇਸ ਤੋਂ ਬਿਨਾਂ ਕੋਈ ਖਿਆਲ, ਕੋਈ ਰਾਇ ਪੱਕੀ ਨਹੀਂ ਹੋ ਸਕਦੀ, ਅਤੇ ਜੋ ਉਸਾਰੀ ਕੌਮ ਦੀ ਜਾਂ ਇਸ ਦੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ। ਇਹੋ ਇਕ ਸਕੂਲ ਹੈ ਜਿਸ ਵਿਚ ਅਕਬਰ, ਰਣਜੀਤ ਸਿੰਘ, ਡਿਕਨਸ, ਟੈਗੋਰ, ਬ੍ਰਾਊਨਿੰਗ, ਆਦਿ ਮਹਾਂ ਪੁਰਖ ਪੜ੍ਹੇ।

ਆਮ ਗਲ ਬਾਤ ਉਤੇ ਕੋਈ ਕਾਪੀ ਰਾਈਟ ਦਾ ਦਾਬਾ ਨਹੀਂ ਹੁੰਦਾ। ਜਿਹੜਾ ਭੀ ਖਿਆਲ ਚੰਗਾ ਲਗੇ ਉਹੋ ਤੁਸੀਂ ਲੈ ਕੇ ਆਪਣਾ ਬਣਾ ਸਕਦੇ ਹੋ। ਕੋਈ ਨੁਕਤਾਚੀਨ ਜਾਂ ਪੜਚੋਲੀਆ ਤੁਹਾਡੇ ਖਿਆਲਾਂ ਦੇ ਸੋਮੇਂ ਲਭ ਲਭ ਕੇ ਤੁਹਾਨੂੰ ਚੋਰ ਨਹੀਂ ਆਖ ਸਕਦਾ।

ਇਸ ਵਿਚ ਆਜ਼ਾਦੀ ਪੂਰੀ ਪੂਰੀ ਹੈ। ਨਾ ਇਸ ਵਿਚ ਖ਼ੁਫੀਆ ਪੁਲਸ ਦਾ ਡਰ, ਨਾ ਕਿਸੇ ਕਨੂੰਨ ਨੂੰ ਉਲੰਘਣ ਦਾ। (ਘਰ ਬੈਠੇ ਜੁ ਇਕ ਦੋ ਨਾਲ ਗਲ ਕਰਨੀ ਹੋਈ) ਕਿਤਾਬ ਲਿਖਣ ਲਈ ਹਜ਼ਾਰ ਪਿਟਣੇ ਕਰਨੇ ਪੈਂਦੇ ਹਨ: ਪਹਿਲਾਂ ਮਸਾਲਾ ਇਕਠਾ ਕਰਨਾ ਹੈ; ਫਿਰ ਉਸ ਨੂੰ ਸੋਧ ਕੇ ਇਉਂ ਛਾਪਣਾ ਕਿ ਕੋਈ ਗ਼ਲਤੀ ਨਾ ਪਕੜ ਸਕੇ; ਫਿਰ ਸਜਣਾਂ ਮਿਤਰਾਂ ਦੀਆਂ ਨਰਾਜਗੀਆਂ, ਲੋਕਾਂ ਦੇ ਵਹਿਮਾਂ ਤੇ ਕਨੂੰਨ ਦੀਆਂ ਪਕੜਾਂ

ー੧੫੭ー