ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹਲੀਆਂ ਗੱਲਾਂ

ਹਮਦਰਦੀ ਹੋਵੇ ਅਤੇ ਆਪਣੀ ਰਾਇ ਤੇ ਦਲੀਲ ਉਤੇ ਹੱਠ ਨਾ ਕਰੇ। ਖਾਸ ਕਰਕੇ ਆਪਣੀ ਬੋਲੀ ਉਤੇ ਚੰਗਾ ਕਾਬੂ ਹੋਵੇ।

ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਭੂਸ਼ਣ ਹੁੰਦਾ ਹੈ। ਲੋਕੀ ਸਿਖੇ ਸਿਖਾਏ ਵਿਹਲੀਆਂ ਗੱਲਾਂ ਨੂੰ ਐਵੇਂ ਪਏ ਨਿੰਦਣ, ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵਿਹਲੀਆਂ ਗੱਲਾਂ ਬਿਨਾਂ ਗੁਜ਼ਾਰਾ ਨਹੀਂ। ਅਜਕਲ ਦੀ ਘੂਠੀ ਹੋਈ ਚਲਦੀ ਦੁਨੀਆਂ ਵਿਚ ਜਿਥੇ ਇੰਨੇ ਦੁਖ ਤੇ ਰੁਝੇਵੇਂ ਹਨ ਵਿਹਲੀਆਂ ਗੱਲਾਂ ਦਾ ਹੁਨਰ ਬਹੁਤ ਲਾਭਵੰਦਾ ਹੈ। ਕਾਰਖ਼ਾਨੇ ਵਿਚ ਕੰਮ ਕਰ ਕਰ ਕੇ ਥਕੇ ਟੁਟੇ ਮਜੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਹ ਇਕ ਤਰ੍ਹਾਂ ਦੀ ਮਲ੍ਹਮ ਹੈ। ਜੇ ਦਫ਼ਤ੍ਰੋਂ ਆਏ ਬਾਬੂ ਨੂੰ ਆਪਣੀ ਵਹੁਟੀ ਸਾਰੇ ਦਿਨ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਨਾ ਸੁਣਾਏ, ਜਾਂ ਸ਼ਾਮ ਨੂੰ ਉਸ ਦਾ ਮਿਤਰ ਸੈਰ ਕਰਦੇ ਕਰਦੇ ਵਿਹਲੀਆਂ ਠੋਕ ਕੇ ਉਸਨੂੰ ਨਾ ਹਸਾਏ, ਤਾਂ ਉਸ ਵਿਚਾਰੇ ਦਾ ਥੋੜੇ ਦਿਨਾਂ ਵਿਚ ਹੀ ਘਾਣ ਹੋ ਜਾਏ।

ਜੇ ਕਿਸੇ ਸੰਬੰਧੀ ਦੇ ਘਰ ਮਰਨੇ ਉਤੇ ਜਾ ਕੇ ਪਰਚਾਉਣੀ ਕਰਨੀ ਪਏ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸੰਬੰਧੀ ਨੂੰ ਮੌਤ ਚੇਤੇ ਕਰਾ ਕਰਾ ਕੇ ਉਸਦੇ ਅੱਲੇ ਘਾ ਇਉਂ ਉਚੇੜੇਗਾ, "ਵਿਚਾਰਿਆ! ਤੇਰਾ ਕੁਝ ਨਹੀਂ ਰਿਹਾ! ਤੇਰਾ ਹੁਣ ਜੀਣਾ ਕਿਸ ਅਰਥ?" ਪਰ ਜਿਹੜਾ ਆਦਮੀ ਸਮਝਦਾਰ ਹੈ, ਉਹ ਗੱਲਾਂ ਗੱਲਾਂ ਵਿਚ ਆਪਣੇ ਦੁਖੀ ਸੰਬੰਧੀ ਨੂੰ ਆਪਣੀ ਹਮਦਰਦੀ ਦਸ ਦਏਗਾ, ਪਰ ਉਮੈਦ ਵਾਲੀਆਂ, ਢਾਰਸ ਵਾਲੀਆਂ ਗੱਲਾਂ ਦੇ ਜ਼ਰੀਹੇ ਉਸਦੇ ਖਿਆਲ ਨੂੰ ਮੌਤ ਤੇ ਇਸ ਦੇ ਨਾਲ ਆਏ ਕਸ਼ਟਾਂ ਨੂੰ ਉਸਦੀਆਂ ਅੱਖਾਂ ਤੋਂ ਓਹਲੇ ਰਖਣ ਦੀ ਕੋਸ਼ਿਸ਼ ਕਰੇਗਾ। ਇਉਂ ਕਰਨ ਲਈ ਬਹੁਤ ਸਾਰੀਆਂ ਵਿਹਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿਚ ਪਰਪੱਕ ਆਦਮੀ ਹੀ ਕਰ ਸਕਦਾ ਹੈ।

ਇਸੇ ਤਰ੍ਹਾਂ ਜਦ ਭੀ ਕੋਈ ਜ਼ਰੂਰੀ ਕੰਮ ਦੀ ਗਲ ਕਰਨ ਲਗੋ,

ー੧੫੯ー